ਲੁਧਿਆਣਾ:ਪੰਜਾਬ ਸਰਕਾਰ ਵਲੋਂ ਪੰਜਾਬ ਦੇ ਅੰਦਰ ਬਣ ਰਹੇ ਮਾਹੌਲ ਨੂੰ ਵੇਖਦਿਆਂ ਅਸਲੇ ਦੇ ਲਾਇਸੈਂਸ ’ਤੇ ਕੁਝ ਸਮੇਂ ਲਈ ਪਾਬੰਦੀ ਲਈ ਗਈ ਹੈ ਨਾਲ ਹੀ ਸੋਸ਼ਲ ਮੀਡੀਆ ਅਤੇ ਗਾਣਿਆਂ ਚ ਅਸਲੇ ਦੇ ਪ੍ਰਦਰਸ਼ਨ ਤੇ ਮੁਕੰਮਲ ਪਾਬੰਦੀ ਲਾਉਣ ਦਾ ਫੈਸਲਾ ਲਿਆ ਹੈ। ਪੰਜਾਬ ਦੇ ਵਿੱਚ ਗਾਇਕਾਂ ਤੇ ਪਹਿਲਾਂ ਤੋਂ ਹੀ ਗੰਨ ਕਲਚਰ ਨੂੰ ਪ੍ਰਫੁਲਿਤ ਕਰਨ ਦੇ ਇਲਜ਼ਾਮ ਲਗਦੇ ਰਹੇ ਹਨ ਜਿਸ ਨੂੰ ਲੈਕੇ ਹੁਣ ਪੰਜਾਬੀ ਗਾਇਕਾਂ ਨੇ ਵੀ ਆਪਣੀ ਪ੍ਰਤੀਕਿਰਿਆ ਜ਼ਾਹਿਰ ਕੀਤੀ ਹੈ।
"ਗੀਤਾਂ ਦੇ ਨਾਲ ਨਾਲ ਫਿਲਮਾਂ ਚ ਵੀ ਗੰਨ ਕਲਚਰ ਦਾ ਅਸਰ":ਪੰਜਾਬੀ ਸੱਭਿਆਚਾਰ ਗਾਇਕ ਪਾਲੀ ਦੇਤਵਾਲੀਆ ਨੇ ਕਿਹਾ ਕਿ ਪੰਜਾਬ ਦਾ ਮਾਹੌਲ ਜਿਨ੍ਹਾਂ ਵਧੀਆ ਹੋਵੇਗਾ ਉਨ੍ਹਾ ਗਾਇਕਾਂ ਦਾ ਕੰਮ ਚੰਗਾ ਚਲਦਾ ਹੈ। ਸਿਰਫ ਗਾਣਿਆਂ ਚ ਹੀ ਨਹੀਂ ਸਗੋਂ ਪੰਜਾਬੀ ਫ਼ਿਲਮਾਂ ਹਿੰਦੀ ਫ਼ਿਲਮਾਂ ਚ ਵੀ ਗੰਨ ਕਲਚਰ ਨੂੰ ਪ੍ਰਮੋਟ ਕੀਤਾ ਜਾਂਦਾ ਹੈ। ਆਖਿਰ ਚ ਲੜਾਈ ਦੌਰਾਨ ਹਥਿਆਰ ਦੀ ਗੱਲ ਹੁੰਦੀ ਹੈ। ਨਸ਼ੇ ਵੀ ਪ੍ਰਮੋਟ ਹੁੰਦੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਅਤੇ ਗਾਇਕਾਂ ਨੂੰ ਸਰਕਾਰ ਦੇ ਹੁਕਮਾਂ ਨੂੰ ਮੰਨਣਾ ਚਾਹੀਦਾ ਹੈ।