ਲੁਧਿਆਣਾ : ਸ਼ਹਿਰ ਦੇ ਰੇਲਵੇ ਸਟੇਸ਼ਨ 'ਤੇ ਬੀਤੇ ਕੱਲ੍ਹ ਤਿੰਨ ਮਹੀਨੇ ਦਾ ਬੱਚਾ ਚੋਰੀ ਹੋਣ ਦੇ ਮਾਮਲੇ ਵਿੱਚ ਲੁਧਿਆਣਾ ਜੀਆਰਪੀ ਪੁਲਿਸ ਨੇ ਵੱਡੀ ਕਾਮਯਾਬੀ ਹਾਸਿਲ ਕੀਤੀ ਹੈ। ਪੁਲਿਸ ਨੇ ਬੱਚਾ ਚੋਰੀ ਕਰਨ ਵਾਲੇ ਮੁਲਜ਼ਮ ਪਤੀ ਪਤਨੀ ਨੂੰ ਕਪੂਰਥਲਾ ਨੇੜਿਓਂ ਕਾਬੂ ਕਰ ਲਿਆ ਹੈ। ਇਸ ਦੇ ਨਾਲ ਹੀ ਬੱਚੇ ਨੂੰ ਸਹੀ ਸਲਾਮਤ ਉਸ ਦੇ ਪਰਿਵਾਰ ਦੇ ਹਵਾਲੇ ਕਰ ਦਿੱਤਾ ਹੈ। ਇਸ ਨੂੰ ਲੈ ਕੇ ਜੀਆਰਪੀ ਦੇ ਐਸਪੀ ਬਲਰਾਮ ਰਾਣਾ ਨੇ ਪ੍ਰੈਸ ਕਾਨਫਰਸ ਦੌਰਾਨ ਇਸ ਦਾ ਖੁਲਾਸਾ ਕੀਤਾ ਹੈ। ਜਿਸ 'ਚ ਉਨ੍ਹਾਂ ਦੱਸਿਆ ਕਿ ਪੀੜਤ ਪਰਿਵਾਰ ਨੇ ਮਲੇਰਕੋਟਲਾ ਜਾਣਾ ਸੀ ਪਰ ਰਾਤ ਜ਼ਿਆਦਾ ਹੋਣ ਕਾਰਨ ਸਟੇਸ਼ਨ 'ਤੇ ਹੀ ਰੁਕ ਗਏ ਤੇ ਇਹ ਵਾਰਦਾਤ ਹੋ ਗਈ।
ਤਿੰਨ ਮਹੀਨੇ ਦਾ ਬੱਚਾ ਕੀਤਾ ਸੀ ਚੋਰੀ: ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਪੀ ਬਲਰਾਮ ਰਾਣਾ ਨੇ ਕਿਹਾ ਕਿ ਬੀਤੇ ਕੱਲ੍ਹ ਤਿੰਨ ਮਹੀਨੇ ਦਾ ਬੱਚਾ ਚੋਰੀ ਦੇ ਮਾਮਲੇ ਵਿੱਚ ਜਦੋਂ ਉਹਨਾਂ ਨੂੰ ਸੂਚਨਾ ਮਿਲੀ ਸੀ ਤਾਂ ਉਹਨਾਂ ਨੇ ਤੁਰੰਤ ਹੀ ਟੀਮਾਂ ਦਾ ਗਠਨ ਕੀਤਾ ਅਤੇ ਬੱਸ ਸਟੈਂਡ ਸਮੇਤ ਜਲੰਧਰ ਬਾਈਪਾਸ ਤੋਂ ਇਲਾਵਾ ਵੱਖ-ਵੱਖ ਸੀਸੀਟੀਵੀ ਕੈਮਰਿਆਂ ਦੀ ਮਦਦ ਵੀ ਲਈ ਗਈ। ਉਨ੍ਹਾਂ ਦੱਸਿਆ ਕਿ ਬੱਸ ਡੀਪੂ ਦੇ ਪ੍ਰਬੰਧਕਾਂ ਦਾ ਵੀ ਸਹਿਯੋਗ ਮਿਲਿਆ, ਜਿਸ ਤੋਂ ਬਾਅਦ ਉਨ੍ਹਾਂ ਨੇ ਅੱਗੇ ਤੋਂ ਅੱਗੇ ਲੀਡ 'ਤੇ ਕੰਮ ਕਰਦੇ ਹੋਏ, ਬੱਚਾ ਚੁੱਕਣ ਵਾਲੇ ਪਤੀ ਪਤਨੀ ਨੂੰ ਕਪੂਰਥਲਾ ਤੋਂ ਕਾਬੂ ਕੀਤਾ ਹੈ। ਉਨ੍ਹਾਂ ਕਿਹਾ ਕਿ ਫਿਲਹਾਲ ਇਸ ਮਾਮਲੇ ਸਬੰਧੀ ਜਾਂਚ ਜਾਰੀ ਹੈ। ਉਨ੍ਹਾਂ ਦੱਸਿਆ ਕਿ ਜਿੰਨ੍ਹਾਂ ਨੇ ਬੱਚਾ ਚੋਰੀ ਕੀਤਾ, ਉਸ ਮੁਲਜ਼ਮ ਦੀ ਸ਼ਨਾਖ਼ਤ ਜਤਿੰਦਰ ਵਜੋਂ ਹੋਈ ਹੈ। ਉਨ੍ਹਾਂ ਦੇ ਆਪਣੇ ਵੀ 2 ਬੱਚੇ ਹਨ, ਉਹ ਦੋਵੇਂ ਪ੍ਰਵਾਸੀ ਹਨ ਅਤੇ ਕਪੂਰਥਲਾ ਤੋਂ ਲੁਧਿਆਣਾ ਖਰੀਦਦਾਰੀ ਕਰਨ ਆਏ ਸਨ।