ਲੁਧਿਆਣਾ: ਪੰਜਾਬ ਸਰਕਾਰ ਵੱਲੋਂ ਅਕਸਰ ਹੀ ਵੱਡੇ-ਵੱਡੇ ਵਾਅਦੇ ਕੀਤੇ ਜਾਂਦੇ ਹਨ ਪਰ ਜ਼ਮੀਨੀ ਪੱਧਰ 'ਤੇ ਉਹ ਵਾਅਦੇ ਪੂਰ ਨਹੀਂ ਚੜ੍ਹਦੇ। ਦਿੱਲੀ ਵਿਧਾਨਸਭਾ ਚੋਣਾਂ ਵਿੱਚ ਵੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਭਾਸ਼ਨਾਂ ਵਿੱਚ ਕਿਹਾ ਸੀ ਕਿ ਪੰਜਾਬ ਵਿੱਚ 5500 ਸਮਾਰਟ ਸਕੂਲ ਬਣਾਏ ਜਾਣੇ ਹਨ ਅਤੇ ਕਈ ਬਣਾ ਦਿੱਤੇ ਗਏ ਹਨ ਪਰ ਅਸਲ ਵਿੱਚ ਕਈ ਸਰਕਾਰੀ ਸਕੂਲਾਂ ਦੀ ਹਾਲਤ ਬਹੁਤ ਖਸਤਾ ਹੈ।
ਈਟੀਵੀ ਭਾਰਤ ਦੀ ਟੀਮ ਜਦ ਪਿੰਡ ਜਗੀਰਪੁਰ ਵਿੱਚ ਸਥਿਤ ਸਰਕਾਰੀ ਪ੍ਰਾਇਮਰੀ ਸਕੂਲ ਪਹੁੰਚੀ ਤਾਂ ਦੇਖਿਆ ਕਿ ਸਕੂਲ ਦੀ ਹਾਲਤ ਬਿਲਕੁਲ ਖਸਤਾ ਹੋ ਚੁੱਕੀ ਹੈ। ਇਸ ਸਰਕਾਰੀ ਪ੍ਰਾਇਮਰੀ ਸਕੂਲ ਦੀ ਹਾਲਤ ਇੰਨੀ ਖਸਤਾ ਹੈ ਕਿ ਬਿਲਡਿੰਗ ਕਿਸੇ ਵੀ ਸਮੇਂ ਢਹਿ ਢੇਰੀ ਹੋ ਸਕਦੀ ਹੈ। ਦੱਸ ਦਈਏ ਕਿ ਸਕੂਲ ਵਿੱਚ 200 ਵਿਦਿਆਰਥੀ ਪੜ੍ਹਦੇ ਹਨ ਜੋ ਮਜਬੂਰੀ ਵੱਸ ਗਰਮੀ, ਠੰਡ ਅਤੇ ਬਰਸਾਤ ਦੇ ਵਿੱਚ ਧਰਤੀ 'ਤੇ ਬੈਠ ਕੇ ਹੀ ਪੜ੍ਹਦੇ ਹਨ।
ਸਕੂਲ ਦੇ ਅਧਿਆਪਕਾਂ ਨੇ ਦੱਸਿਆ ਕਿ ਬਰਸਾਤਾਂ ਵਿੱਚ ਇੱਥੇ ਹਾਲਾਤ ਬਦ ਤੋਂ ਬਦਤਰ ਹੋ ਜਾਂਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਹਾਲਾਤ ਇਥੋਂ ਤੱਕ ਖ਼ਰਾਬ ਹੋ ਜਾਂਦੇ ਹਨ ਕਿ ਸਕੂਲ 'ਚ ਵੜਨਾ ਵੀ ਔਖਾ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਕੂਲ ਦੀ ਇਮਾਰਤ ਨੂੰ 'ਅਨਸੇਫ' ਐਲਾਨਿਆ ਗਿਆ ਹੈ ਪਰ ਉਸ ਦੇ ਬਾਵਜੂਦ ਪੱਟੀ ਸਕੂਲ ਦੀ ਬਿਹਤਰੀ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ।