ਲੁਧਿਆਣਾ: ਸਰਕਾਰ ਵੱਲੋਂ ਬੀਤੇ ਦਿਨੀਂ ਕਈ ਨਵੀਆਂ ਸਕੀਮਾਂ ਦੀ ਸ਼ੁਰੁਆਤ ਕੀਤੀ ਗਈ ਹੈ, ਜਿਨ੍ਹਾਂ ’ਚ ਸਮਾਰਟ ਮੀਟਰ ਅਤੇ ਈ-ਦਾਖ਼ਿਲ ਯੋਜਨਾ ਸ਼ਾਮਲ ਹੈ। ਜੇਕਰ ਗੱਲ ਸਮਾਰਟ ਮੀਟਰ ਸਕੀਮ ਦੀ ਕੀਤੀ ਜਾਵੇ ਤਾਂ ਇਸ ਵਿੱਚ ਘਰਾਂ ਦੇ ਬਾਹਰ ਪਹਿਲੇ ਪੜਾਅ ’ਚ ਇੱਕ ਲੱਖ ਸਮਾਰਟ ਮੀਟਰ ਲਗਾਏ ਜਾਣਗੇ।
ਸਮਾਰਟ ਮੀਟਰਾਂ ਦੇ ਲੱਗਣ ਨਾਲ ਯੂਨਿਟਾਂ ਦੇ ਘਪਲੇ ਦਾ ਝੰਜਟ ਹਮੇਸ਼ਾ ਲਈ ਖ਼ਤਮ
ਲੁਧਿਆਣਾ ’ਚ ਸਰਕਾਰ ਵੱਲੋਂ ਸਮਾਰਟ ਮੀਟਰ ਅਤੇ 'ਈ-ਦਾਖ਼ਿਲ' ਸਕੀਮ ਦੀ ਸ਼ੁਰੂਆਤ ਸਮਾਰਟ ਮੀਟਰ ਯੋਜਨਾ ਸਬੰਧੀ ਜਾਣਕਾਰੀ ਦਿੰਦਿਆਂ ਬਿਜਲੀ ਮਹਿਕਮੇ ਦੇ ਅਧਿਕਾਰੀ ਨੇ ਦੱਸਿਆ ਕਿ ਇਸ ਸਕੀਮ ਦੀ ਸ਼ੁਰੂਆਤ ਵਿਸ਼ੇਸ਼ ਤੌਰ ’ਤੇ ਲੋਕਾਂ ਦੀ ਸਹੂਲਤ ਲਈ ਕੀਤੀ ਗਈ ਹੈ। ਕਿਉਂਕਿ ਕੋਰੋਨਾ ਕਾਲ ਦੌਰਾਨ ਉਹ ਬਿਜਲੀ ਮੀਟਰਾਂ ਦੀ ਰੀਡਿੰਗ ਕਰਨ ਚ ਅਸਮਰੱਥ ਸਨ, ਜਿਸ ਕਾਰਨ ਯੂਨਿਟਾਂ ਦੀ ਰੀਡਿੰਗ ਵਿੱਚ ਕਾਫ਼ੀ ਗੜਬੜੀ ਹੋਈ। ਉਨ੍ਹਾਂ ਇਹ ਵੀ ਕਿਹਾ ਕਿ ਸਮਾਰਟ ਮੀਟਰ ਲੱਗਣ ਉਪਰੰਤ ਆਨ-ਲਾਈਨ ਹੀ ਮਹਿਕਮੇ ਕੋਲ ਮੀਟਰ ਦੀ ਰੀਡਿੰਗ ਪਹੁੰਚ ਜਾਵੇਗੀ, ਜਿਸ ਨਾਲ ਬਿਲਾਂ ਦੇ ਵਿੱਚ ਕੋਈ ਗੜਬੜ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਪਹਿਲੇ ਪੜਾਅ ਤਹਿਤ ਇੱਕ ਲੱਖ ਮੀਟਰ ਲਗਾਏ ਜਾਣਗੇ, ਹਾਲਾਂਕਿ ਇੱਕ ਮੀਟਰ ਦੀ ਪੰਜ ਹਜ਼ਾਰ ਰੁਪਏ ਕੀਮਤ ਰੱਖੀ ਗਈ ਹੈ ਜੋ ਖਪਤਕਾਰ ਨੂੰ ਦੇਣੇ ਹੋਣਗੇ।
ਈ-ਦਾਖ਼ਿਲ ਯੋਜਨਾ ਰਾਹੀਂ ਮਸਲਿਆਂ ਦਾ ਆਨ-ਲਾਈਨ ਹੋਵੇਗਾ ਨਿਪਟਾਰਾ
ਇਸ ਯੋਜਨਾ ਦੀ ਸ਼ੁਰੂਆਤ ਮੌਕੇ ਲੀਗਲ ਐਡਵਾਈਜ਼ਰ ਇੰਦਰਜੀਤ ਸਿੰਘ ਸੋਢੀ ਨੇ ਦੱਸਿਆ ਕਿ ਈ-ਦਾਖ਼ਿਲ ਸਕੀਮ ਰਾਹੀਂ ਬਿਜਲੀ ਉਪਭੋਗਤਾ ਦੇ ਮਾਮਲੇ ਆਨਲਾਈਨ ਹੀ ਸੁਲਝਾਉਣ ਦੀ ਸੇਵਾ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇੱਕ ਕਰੋੜ ਤੱਕ ਦੇ ਮਾਮਲੇ ਆਨਲਾਈਨ ਸੁਲਝਾ ਲਏ ਜਾਣਗੇ ਜਦੋਂ ਕਿ ਇਸ ਤੋਂ ਉਪਰ ਦੇ ਮਾਮਲੇ ਸਟੇਟ ਅਤੇ ਫਿਰ ਸੈਂਟਰਲ ਕਮਿਸ਼ਨ ਦੇ ਅਧੀਨ ਹੋਣਗੇ। ਸਰਕਾਰ ਦੀ ਇਸ ਯੋਜਨਾ ਰਾਹੀਂ ਉਪਭੋਗਤਾ ਨੂੰ ਕਾਫ਼ੀ ਲਾਭ ਹੋਵੇਗਾ।