ਲੁਧਿਆਣਾ:ਪੰਜਾਬ ਅੰਦਰ ਘੱਲੂਘਾਰਾ ਹਫ਼ਤਾ 1 ਜੂਨ ਤੋਂ ਸ਼ੁਰੂ ਹੋ ਗਿਆ। ਇਸ ਹਫ਼ਤੇ ਦੌਰਾਨ ਜਿੱਥੇ ਸੂਬੇ ਅੰਦਰ ਮਾਹੌਲ ਖ਼ਰਾਬ ਹੋਣ ਦਾ ਖਦਸ਼ਾ ਰਹਿੰਦਾ ਹੈ। ਜਿਸ ਕਰਕੇ ਆਮ ਲੋਕਾਂ ਦੀ ਸੁਰੱਖਿਆ ਲਈ ਖੰਨਾ ਪੁਲਿਸ ਨੇ ਜ਼ਿਲ੍ਹਾ ਖੰਨਾ ਵਿੱਚ ਵੱਖ-ਵੱਖ ਥਾਵਾਂ 'ਤੇ ਫਲੈਗ ਮਾਰਚ ਕੱਢੇ ਗਏ। ਦੱਸ ਦਈਏ ਕਿ ਐਸ.ਐਸ.ਪੀ ਦਫ਼ਤਰ ਖੰਨਾ ਤੋਂ ਇਸ ਮਾਰਚ ਦੀ ਸ਼ੁਰੂਆਤ ਹੋਈ, ਜਿਸ ਦੀ ਐਸ.ਐਸ.ਪੀ ਅਮਨੀਤ ਕੌਂਡਲ ਨੇ ਅਗਵਾਈ ਕੀਤੀ।
ਸ਼ੱਕੀ ਵਿਅਕਤੀਆਂ ਅਤੇ ਗੱਡੀਆਂ ਉਪਰ ਪੂਰੀ ਨਿਗਰਾਨੀ:- ਐਸਐਸਪੀ ਦਫ਼ਤਰ ਵਿਖੇ ਜ਼ਿਲ੍ਹੇ ਭਰ ਦੀ ਫੋਰਸ ਨੂੰ ਇਕੱਤਰ ਕਰਦੇ ਹੋਏ ਫਲੈਗ ਮਾਰਚ ਦੀ ਸ਼ੁਰੂਆਤ ਤੋਂ ਪਹਿਲਾਂ ਐਸਐਸਪੀ ਅਮਨੀਤ ਕੌਂਡਲ ਨੇ ਸੁਰੱਖਿਆ ਦੇ ਮੱਦੇਨਜ਼ਰ ਜ਼ਰੂਰੀ ਦਿਸ਼ਾ ਨਿਰਦੇਸ਼ ਦਿੱਤੇ। ਉਹਨਾਂ ਕਿਹਾ ਕਿ ਘੱਲੂਘਾਰਾ ਹਫ਼ਤੇ ਦੌਰਾਨ ਆਪਣੇ ਆਪਣੇ ਇਲਾਕਿਆਂ 'ਚ ਨਾਕਾਬੰਦੀ ਵਿਵਸਥਾ, ਰਾਤ ਦੇ ਸਮੇਂ ਚੌਕਸੀ ਵਧਾਉਣ ਦੇ ਹੁਕਮ ਦਿੱਤੇ ਗਏ। ਸ਼ੱਕੀ ਵਿਅਕਤੀਆਂ ਅਤੇ ਗੱਡੀਆਂ ਉਪਰ ਪੂਰੀ ਨਿਗਰਾਨੀ ਰੱਖਣ ਲਈ ਕਿਹਾ ਗਿਆ।ਇਸ ਉਪਰੰਤ ਖੰਨਾ ਜਿਲ੍ਹੇ 'ਚ ਫਲੈਗ ਮਾਰਚ ਦੀ ਸ਼ੁਰੂਆਤ ਕੀਤੀ ਗਈ।
ਐਸਐਸਪੀ ਅਮਨੀਤ ਕੌਂਡਲ ਖੁਦ ਭਾਰੀ ਪੁਲਿਸ ਫੋਰਸ ਦੇ ਨਾਲ ਆਪਣੇ ਦਫ਼ਤਰੋਂ ਫੀਲਡ 'ਚ ਨਿਕਲੇ। ਸ਼ਹਿਰ ਦੇ ਵੱਖ ਵੱਖ ਇਲਾਕਿਆਂ ਚੋਂ ਫਲੈਗ ਮਾਰਚ ਕੱਢਿਆ ਗਿਆ। ਇਸ ਦੌਰਾਨ ਕਈ ਜਨਤਕ ਥਾਵਾਂ ਜਿਵੇਂ ਕਿ ਬੱਸ ਅੱਡਾ ਅਤੇ ਹੋਰ ਭੀੜਭਾੜ ਵਾਲੇ ਬਾਜ਼ਾਰਾਂ 'ਚ ਸ਼ੱਕੀ ਵਿਅਕਤੀਆਂ ਦੇ ਸਾਮਾਨ ਦੀ ਤਲਾਸ਼ੀ ਲਈ ਗਈ।