ਲੁਧਿਆਣਾ: ਜਗਰਾਉਂ ਦੇ ਪ੍ਰਾਚੀਨ ਮੰਦਰ ਦੇ ਬਾਹਰ ਲੱਗੇ ਕੂੜੇ ਦੇ ਡੰਪ ਕਾਰਨ ਇਲਾਕੇ ਦੇ ਲੋਕਾਂ ਨੂੰ ਕਾਫ਼ੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੂੜੇ ਦਾ ਡੰਪ ਚੁਕਵਾਉਣ ਲਈ ਸਮਾਜ ਸੇਵੀ ਜਾਨਵੀ ਬਹਿਲ ਨੇ ਇਲਾਕਾ ਵਾਸੀਆਂ ਦੀ ਗੁਜ਼ਾਰਿਸ਼ 'ਤੇ ਪੰਜਾਬ ਹਰਿਆਣਾ ਹਾਈਕੋਰਟ ਦੇ ਵਿੱਚ ਇੱਕ ਪਟੀਸ਼ਨ ਵੀ ਦਾਇਰ ਕੀਤੀ ਸੀ ਅਤੇ ਪੰਜਾਬ ਹਰਿਆਣਾ ਹਾਈਕੋਰਟ ਨੇ ਇਸ ਕੂੜੇ ਦੇ ਡੰਪ ਨੂੰ ਤੁਰੰਤ ਹਟਵਾਉਣ ਦੇ ਪ੍ਰਸ਼ਾਸਨ ਨੂੰ ਹੁਕਮ ਦਿੱਤੇ ਸਨ ਪਰ ਲੰਮਾ ਸਮਾਂ ਬੀਤ ਜਾਣ ਮਗਰੋਂ ਵੀ ਕੋਈ ਕਾਰਵਾਈ ਨਾ ਹੁੰਦੀ ਵੇਖ ਜਾਨਵੀ ਬਹਿਲ ਨੇ ਮੁੜ ਇਹ ਮੁੱਦਾ ਚੁੱਕਿਆ ਹੈ।
ਸਮਾਜ ਸੇਵੀ ਜਾਨਵੀ ਬਹਿਲ ਨੇ ਦੱਸਿਆ ਕਿ ਲੰਮੇ ਸਮੇਂ ਤੋਂ ਇਲਾਕਾ ਵਾਸੀ ਬਿਮਾਰੀਆਂ ਤੋਂ ਪੀੜਤ ਹਨ ਅਤੇ ਇਸ ਸਬੰਧੀ ਉਨ੍ਹਾਂ ਪੰਜਾਬ ਹਰਿਆਣਾ ਹਾਈਕੋਰਟ 'ਚ ਪਟੀਸ਼ਨ ਵੀ ਦਾਇਰ ਕੀਤੀ ਸੀ ਪਰ ਪ੍ਰਸ਼ਾਸਨ ਨੇ ਇਨ੍ਹਾਂ ਹੁਕਮਾਂ ਦੀ ਵੀ ਤਾਮੀਲ ਨਹੀਂ ਕੀਤੀ ਅਤੇ ਇਲਾਕੇ ਦੇ ਹਾਲਾਤ ਬਦ ਤੋਂ ਬਦਤਰ ਹੋ ਗਏ ਹਨ।
ਉਨ੍ਹਾਂ ਦੱਸਿਆ ਕਿ ਜਦੋਂ ਅੱਜ ਉਹ ਇਲਾਕੇ ਦੇ ਕਾਰਜ ਸਾਧਕ ਅਫਸਰ ਸੁਖਦੇਵ ਸਿੰਘ ਰੰਧਾਵਾ ਨੂੰ ਮਿਲਣ ਪਹੁੰਚੇ ਤਾਂ ਉਹ ਆਪਣੀ ਸੀਟ 'ਤੇ ਹੀ ਨਹੀਂ ਸਨ। ਜਦੋਂ ਕਿ ਪੰਜਾਬ ਹਰਿਆਣਾ ਹਾਈਕੋਰਟ ਵੀ ਇਸ ਡੰਪ ਨੂੰ ਹਟਵਾਉਣ ਲਈ ਪ੍ਰਸ਼ਾਸਨ ਹੁਕਮ ਜਾਰੀ ਕਰ ਚੁੱਕਾ ਹੈ।