ਲੁਧਿਆਣਾ: ਸੁਖਜੀਤ ਬੁੱਢਾ ਗੈਂਗ ਦੇ ਗੈਂਗਸਟਰ ਮਨਜੋਤ ਸਿੰਘ ਗਿੱਲ ਨੇ ਲੋਕ ਇਨਸਾਫ਼ ਪਾਰਟੀ ਦੇ ਮੁਖੀ ਅਤੇ ਲੁਧਿਆਣਾ ਤੋਂ ਪੀਡੀਏ ਦੇ ਉਮੀਦਵਾਰ ਸਿਮਰਜੀਤ ਸਿੰਘ ਬੈਂਸ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਹੈ। ਇਹ ਖ਼ੁਲਾਸਾ ਮਨਜੋਤ ਸਿੰਘ ਨੇ ਇੱਕ ਪੱਤਰਕਾਰ ਨੂੰ ਚੈਟ ਦੇ ਦੌਰਾਨ ਦੱਸਿਆ ਹੈ। ਇਸ ਨੂੰ ਲੈ ਕੇ ਸਿਮਰਜੀਤ ਬੈਂਸ ਦੇ ਵੱਡੇ ਭਰਾ ਬਲਵਿੰਦਰ ਬੈਂਸ ਨੇ ਲੁਧਿਆਣਾ ਦੇ ਕਮਿਸ਼ਨਰ ਨੂੰ ਲਿਖਤੀ ਸ਼ਿਕਾਇਤ ਦਿੱਤੀ ਹੈ।
VIDEO: ਸਿਮਰਜੀਤ ਬੈਂਸ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ - lok sabha elections
ਲੋਕ ਸਭਾ ਚੋਣਾਂ 'ਚ ਮਹਿਜ਼ 11 ਦਿਨ ਬਾਕੀ ਰਹਿ ਗਏ ਹਨ, ਤੇ ਸਿਆਸੀ ਮਾਹੌਲ ਭੱਖਦਾ ਹੀ ਜਾ ਰਿਹਾ ਹੈ। ਸਿਆਸੀ ਆਗੂਆਂ 'ਤੇ ਚੋਣ ਜਿੱਤਣ ਦਾ ਸਰੂਰ ਇੰਨਾਂ ਕੁ ਚੜ੍ਹਿਆ ਹੋਇਆ ਕਿ ਵਿਰੋਧੀ ਧਿਰਾਂ ਨੂੰ ਧਮਕੀਆਂ ਵੀ ਮਿਲਣੀਆਂ ਸ਼ੁਰੂ ਹੋ ਗਈਆਂ ਹਨ।
ਇਸ ਸਬੰਧੀ ਬਲਵਿੰਦਰ ਬੈਂਸ ਨੇ ਕਿਹਾ ਕਿ ਇਹ ਸਾਰੀ ਕਾਂਗਰਸ ਦੀ ਸਾਜ਼ਿਸ਼ ਹੈ, ਤੇ ਰਵਨੀਤ ਬਿੱਟੂ ਨੂੰ ਹਾਰ ਦਾ ਡਰ ਸਤਾ ਰਿਹਾ ਹੈ। ਇਸ ਕਰਕੇ ਕਾਂਗਰਸ ਵਲੋਂ ਅਜਿਹੀ ਕੋਝੀ ਹਰਕਤਾਂ ਕੀਤੀਆਂ ਜਾ ਰਹੀਆਂ ਹਨ ਇਸ ਦੇ ਨਾਲ ਹੀ ਉਨ੍ਹਾਂ ਮੌੜ ਮੰਡੀ ਬੰਬ ਧਮਾਕਿਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਗ੍ਰਹਿ ਵਿਭਾਗ ਮੁੱਖ ਮੰਤਰੀ ਪੰਜਾਬ ਦੇ ਕੋਲ ਹੈ ਤੇ ਜੇਕਰ ਉਨ੍ਹਾਂ ਦੇ ਪਰਿਵਾਰ 'ਚੋਂ ਕਿਸੇ ਵੀ ਮੈਂਬਰ 'ਤੇ ਕੋਈ ਹਮਲਾ ਹੁੰਦਾ ਹੈ ਤਾਂ ਉਸ ਲਈ ਪੰਜਾਬ ਸਰਕਾਰ ਅਤੇ ਕੈਪਟਨ ਅਮਰਿੰਦਰ ਸਿੰਘ ਸਿੱਧੇ ਤੌਰ ਤੇ ਜ਼ਿੰਮੇਵਾਰ ਹੋਣਗੇ।
ਉਨ੍ਹਾਂ ਕਿਹਾ ਕਿ ਕਮਿਸ਼ਨਰ ਨੇ ਮੁਲਜ਼ਮ ਨੂੰ ਛੇਤੀ ਹੀ ਕਾਬੂ ਕਰਨ ਦਾ ਭਰੋਸਾ ਤਾਂ ਦਿੱਤਾ ਹੈ, ਪਰ ਉਨ੍ਹਾਂ ਨੂੰ ਕਮਿਸ਼ਨਰ ਅਤੇ ਪੁਲਿਸ ਤੋਂ ਕੋਈ ਉਮੀਦ ਨਹੀਂ ਹੈ।