ਲੁਧਿਆਣਾ:ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਮਾਮਲੇ ਦੇ ਵਿਚ ਫਾਂਸੀ ਦੀ ਸਜ਼ਾਯਾਫਤਾ ਬਲਵੰਤ ਸਿੰਘ ਰਾਜੋਆਣਾ (Balwant Singh Rajoana) ਨੂੰ ਜੇਲ੍ਹ ਦੇ ਵਿੱਚ 27 ਸਾਲ ਦਾ ਸਮਾਂ ਹੋ ਚੁੱਕਾ ਹੈ। ਪਰ ਅਜੇ ਤੱਕ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਮਾਫ਼ੀ ਮਾਮਲੇ ਵਿੱਚ ਨਾ ਹੀ ਅਦਾਲਤਾਂ ਤੇ ਨਾ ਹੀ ਸਰਕਾਰਾਂ ਕੋਈ ਫੈਸਲਾ ਕਰ ਪਈਆਂ ਹਨ। ਜਿਸ ਤੋਂ ਬਾਅਦ ਸੁਪਰੀਮ ਕੋਰਟ ਦੇ 3 ਜੱਜਾਂ ਦੀ ਬੈਂਚ ਵੱਲੋਂ 3 ਨਵੰਬਰ ਨੂੰ ਰਾਜੋਆਣਾ ਦੀ ਫਾਂਸੀ ਮਾਫੀ ਉੱਤੇ ਆਖਰੀ ਫੈਸਲਾ ਸੁਣਾਉਣਾ ਸੀ। ਪਰ ਇਕ ਮਹੀਨੇ ਤੋਂ ਵੱਧ ਦਾ ਸਮਾਂ ਬੀਤ ਚੁੱਕਾ ਹੈ, ਪਰ ਸੁਪਰੀਮ ਕੋਰਟ ਨੇ ਇਸ ਮਾਮਲੇ ਉੱਤੇ ਆਪਣਾ ਅੰਤਿਮ ਫ਼ੈਸਲਾ ਨਹੀਂ ਸੁਣਾਇਆ। ਜਿਸ ਕਰਕੇ ਬਲਵੰਤ ਸਿੰਘ ਰਾਜੋਆਣਾ ਦੇ ਪਰਿਵਾਰ ਨੂੰ ਸਰਕਾਰਾਂ ਦੇ ਨਾਲ ਅਦਾਲਤਾਂ ਤੋਂ ਮਲਾਲ ਹੈ।
'ਦਿੱਲੀ ਨੇ ਹਮੇਸ਼ਾ ਹੀ ਸਿੱਖਾਂ ਦੇ ਨਾਲ ਇਨਸਾਫ਼ ਨਹੀਂ ਕੀਤਾ':-ਰਾਜੋਆਣਾ ਦੀ ਫਾਂਸੀ ਮਾਫੀ ਬਾਰੇ ਈ.ਟੀ.ਵੀ ਭਾਰਤ ਪੰਜਾਬ ਨਾਲ ਵਿਸ਼ੇਸ ਗੱਲਬਾਤ ਕਰਦਿਆ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਕਮਲਦੀਪ ਕੌਰ ਨੇ ਕਿਹਾ ਦਿੱਲੀ ਨੇ ਹਮੇਸ਼ਾ ਹੀ ਸਿੱਖਾਂ ਦੇ ਨਾਲ ਇਨਸਾਫ਼ ਨਹੀਂ ਕੀਤਾ। ਉਨ੍ਹਾਂ ਕਿਹਾ 16 ਸਾਲ ਤੋਂ ਬਲਵੰਤ ਰਾਜੋਆਣਾ ਜੇਲ੍ਹ ਦੇ ਵਿੱਚ ਚੱਕੀ ਚਲਾਉਣ ਦਾ ਕੰਮ ਕਰਦਾ ਹੈ। ਜੋ ਕਿ ਮਨੁੱਖੀ ਅਧਿਕਾਰਾਂ ਦਾ ਘਾਣ ਹੈ। ਪਰ ਹਾਲੇ ਤੱਕ ਇਸ ਮਾਮਲੇ ਵਿੱਚ ਸਰਕਾਰਾਂ ਅਤੇ ਅਦਾਲਤਾਂ ਨੇ ਕੋਈ ਜਵਾਬ ਨਹੀਂ ਦਿੱਤਾ।
ਸੁਪਰੀਮ ਕੋਰਟ 'ਚ ਮਾਮਲਾ:-ਦਰਅਸਲ ਜਦੋਂ ਰਾਜੋਆਣਾ ਨੂੰ ਸਜ਼ਾ ਸੁਣਾਈ ਗਈ ਤਾਂ ਰਾਜੋਆਣਾ ਨੇ ਕੋਈ ਵਕੀਲ ਨਹੀਂ ਕੀਤਾ ਗਿਆ ਸੀ। 31 ਮਾਰਚ 2012 ਨੂੰ ਉਸ ਨੂੰ ਫਾਂਸੀ ਦਿੱਤੀ ਜਾਣੀ ਸੀ। ਪਰ ਸਿੱਖ ਜਥੇਬੰਦੀਆਂ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ। ਉਸ ਵੇਲੇ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਰਾਸ਼ਟ੍ਰਪਤੀ ਅਤੇ ਕੇਂਦਰੀ ਗ੍ਰਹਿ ਮੰਤਰੀ ਕੋਲ ਅਪੀਲ ਕੀਤੀ। ਇਸ ਅਪੀਲ ਉੱਤੇ ਜਲਦ ਤੋਂ ਜਲਦ ਸੁਣਵਾਈ ਲਈ ਰਾਜੋਆਣਾ ਵੱਲੋਂ 2016 ਅਤੇ 2018 ਵਿੱਚ ਜੇਲ੍ਹ ਅੰਦਰ ਹੀ ਭੁੱਖ ਹੜਤਾਲ ਵੀ ਕੀਤੀ ਗਈ।
ਜਿਸ ਤੋਂ ਬਾਅਦ ਰਾਜੋਆਣਾ ਦੇ ਪਰਿਵਾਰ ਵੱਲੋਂ 2020 ਵਿੱਚ ਮੁੜ ਤੋਂ ਇਕ ਪਟੀਸ਼ਨ ਪਾਕੇ ਇਸ ਸਬੰਧੀ ਸਵਾਲ ਕੀਤਾ ਗਿਆ ਕਿ ਉਨ੍ਹਾਂ ਦੀ ਫਾਂਸੀ ਮੁਆਫੀ ਉੱਤੇ ਕੀ ਫੈਸਲਾ ਹੋਇਆ ਹੈ। ਜਿਸ ਤੋਂ ਬਾਅਦ ਸੁਪਰੀਮ ਕੋਰਟ ਨੇ ਇਸ ਵਿੱਚ ਦਖਲ ਦਿੱਤਾ ਅਤੇ ਸਰਕਾਰ ਨੂੰ ਇਸ ਸਬੰਧੀ ਨਿਰਧਾਰਿਤ ਸਮੇਂ ਅੰਦਰ ਜਵਾਬ ਦੇਣ ਲਈ ਕਿਹਾ ਗਿਆ। ਆਖਿਰ ਕਰ ਸੁਪਰੀਮ ਕੋਰਟ ਨੇ ਇਸ ਮਾਮਲੇ ਉੱਤੇ 3 ਜੱਜਾਂ ਦੀ ਬੈਂਚ ਨੇ ਅੰਤਿਮ ਫੈਸਲਾ ਸੁਣਾਉਣ ਲਈ 3 ਨਵੰਬਰ 2022 ਦਾ ਦਿਨ ਮੁਕੱਰਰ ਕੀਤਾ। ਪਰ ਉਸ ਦਿਨ ਵੀ ਸੁਪਰੀਮ ਕੋਰਟ ਵੱਲੋਂ ਇਸ ਉੱਤੇ ਅੰਤਮ ਫ਼ੈਸਲਾ ਨਹੀਂ ਸੁਣਾਇਆ ਗਿਆ।