ਲੁਧਿਆਣਾ ਦੇ ਨੀਰਜ ਚਹਿਲ ਨੇ ਕੀਤਾ ਕਮਾਲ ਲੁਧਿਆਣਾ:ਸ਼ਹਿਰ ਦਾ ਅਮਰਪੁਰਾ ਇਲਾਕਾ, ਜੋ ਕਿ ਨਸ਼ਿਆਂ ਲਈ ਬਦਨਾਮ ਹੈ, ਪਰ ਇਸੇ ਇਲਾਕੇ ਦੇ 20 ਸਾਲ ਦੇ ਨੌਜਵਾਨ ਨੇ ਪੂਰੇ ਪੰਜਾਬ ਲਈ ਮਿਸਾਲ ਕਾਇਮ ਕੀਤੀ ਹੈ। ਦਿਹਾੜੀਆਂ ਕਰਨ ਦੇ ਬਾਵਜੂਦ ਉਸ ਨੇ ਵਿਸ਼ਵ ਕੀਰਤੀਮਾਨ ਸਥਾਪਿਤ ਕਰ ਦਿੱਤਾ ਹੈ। ਨੀਰਜ ਨੇ ਪਹਿਲਾਂ ਇੰਡੀਆਂ ਬੁੱਕ ਆਫ ਰਿਕਾਰਡ ਵਿੱਚ ਆਪਣਾ ਨਾਂਅ ਦਰਜ ਕਰਵਾਇਆ ਅਤੇ ਹੁਣ ਵਿਸ਼ਵ ਰਿਕਾਰਡ ਬਣਾ ਦਿੱਤਾ ਹੈ। ਉਸ ਨੇ 1 ਮਿੰਟ ਵਿੱਚ, 360 ਡਿਗਰੀ ਘੁੰਮ ਕੇ ਲਾਉਣ ਵਾਲੇ 25 ਡੰਡ (ਪੁਸ਼ਅਪਸ) ਲਾ ਕੇ ਇੰਡੀਆਂ ਬੁੱਕ ਆਫ ਰਿਕਾਰਡ ਵਿੱਚ ਆਪਣਾ ਨਾਂਅ ਦਰਜ ਕਰਵਾਇਆ, ਫਿਰ 1 ਮਿੰਟ ਵਿੱਚ ਹਵਾ ਵਿੱਚ ਉੱਡ ਕੇ ਤਾੜੀ ਮਾਰਨ ਵਾਲੇ 52 ਡੰਡ ਲਾ ਕੇ ਵਿਸ਼ਵ ਕੀਰਤੀਮਾਨ ਸਥਾਪਿਤ ਕਰ ਦਿੱਤਾ ਹੈ।
ਹਾਲਾਂਕਿ, ਜੇਕਰ ਉਹ 25 ਵੀ ਲਾ ਦਿੰਦਾ, ਤਾਂ ਵਿਸ਼ਵ ਰਿਕਾਰਡ ਵਿੱਚ ਨਾਂਅ ਦਰਜ ਹੋ ਜਾਣਾ ਸੀ, ਪਰ ਉਸ ਨੇ 52 ਡੰਡ ਲਾ ਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਹੁਣ ਉਹ ਜਲਦ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਵਿੱਚ ਅਪਣਾ ਨਾਂਅ ਦਰਜ ਕਰਵਾਉਣ ਦੀ ਤਿਆਰੀ ਕਰ ਰਿਹਾ ਹੈ। ਲਗਭਗ ਤਿਆਰੀ ਮੁਕਮੰਲ ਹੋ ਗਈ ਹੈ, ਜਲਦ ਹੀ ਇਕ ਹੋਰ ਖਿਤਾਬ ਉਸ ਦੇ ਨਾਂਅ ਹੋ ਜਾਵੇਗਾ।
ਕੌਣ ਹੈ ਨੀਰਜ:ਨੀਰਜ ਚਹਿਲ ਇਕ ਬੇਹੱਦ ਗਰੀਬ ਪਰਿਵਾਰ ਤੋਂ ਸਬੰਧ ਰੱਖਦਾ ਹੈ, ਉਸ ਦੇ ਪਿਤਾ ਚੱਪਲਾਂ ਦਾ ਕੰਮ ਕਰਦੇ ਹਨ। ਉਹ ਖੁਦ ਵੀ ਇਹੀ ਕੰਮ ਕਰਦਾ ਹੈ ਅਤੇ ਕਈ ਵਾਰ ਦਿਹਾੜੀ ਵੀ ਲਾਉਣ ਚਲਾ ਜਾਂਦਾ ਹੈ। ਇੱਟਾਂ ਕੁੱਟ ਕੇ ਉਸ ਦੀ ਰੋੜੀ ਬਣਾਉਣ ਦਾ ਕੰਮ ਵੀ ਕਰ ਚੁੱਕਾ ਹੈ, ਪਰ ਉਸ ਦੀ ਮਿਹਨਤ ਲਗਨ ਅਤੇ ਕੁਝ ਕਰਨ ਦੀ ਚਾਹਤ ਕਾਰਨ ਉਸ ਨੇ ਇਹ ਰਿਕਾਰਡ ਬਣਾਏ ਹਨ। ਨੀਰਜ ਦਾ ਇਕ ਭਰਾ ਅਤੇ 4 ਭੈਣਾਂ ਨੇ 1 ਭੈਣ ਵਿਆਹੀ ਹੋਈ ਹੈ, ਜਦਕਿ 3 ਹਾਲੇ ਅਣਵਿਆਹੀਆਂ ਹਨ। ਪਿਤਾ ਬਿਮਾਰ ਰਹਿੰਦੇ ਹਨ। ਉਹ ਜਿੰਨਾ ਵੀ ਕਮਾਉਂਦਾ ਹੈ, ਘਰ ਦਾ ਖ਼ਰਚਾ ਉਸ ਦੇ ਨਾਲ ਹੀ ਚੱਲਦਾ ਹੈ। ਨੀਰਜ ਦਾ ਭਰਾ ਪੜ੍ਹਦਾ ਹੈ, ਪਰ, ਘਰ ਦੀਆਂ ਮਜ਼ਬੂਰੀਆਂ ਕਰਕੇ ਨੀਰਜ ਨੇ ਆਪਣੀ ਪੜਾਈ ਛੱਡ ਦਿੱਤੀ। ਜਦੋਂ ਉਸ ਨੇ ਪੁਸ਼ਅਪਸ ਵਿੱਚ ਪਹਿਲਾ ਰਿਕਾਰਡ ਬਣਾਇਆ, ਤਾਂ ਉਸ ਸਮੇਂ ਉਸ ਦੀ ਉਮਰ ਮਹਿਜ਼ 19 ਸਾਲ ਦੀ ਸੀ।
ਕਿਵੇਂ ਸਿੱਖਿਆ, ਕਿਸ ਤੋਂ ਪ੍ਰੇਰਿਤ :ਨੀਰਜ ਨੇ ਅੱਜ ਤੱਕ ਕਿਸੇ ਤੋਂ ਕੋਈ ਪ੍ਰੋਫੈਸ਼ਨਲ ਕੋਚਿੰਗ ਨਹੀਂ ਲਈ, ਉਹ ਨਾ ਹੀ ਕਦੇ ਜਿਮ ਗਿਆ, ਨਾ ਉਸ ਨੇ ਕਦੀ ਕੋਈ ਖਾਸ ਖੁਰਾਕ (ਸਪਲੀਮੈਂਟ ਪ੍ਰੋਟੀਨ) ਲਈ ਹੈ। ਉਸ ਨੇ ਸਭ ਤੋਂ ਪਹਿਲਾ ਫਿੱਟਨੈੱਸ ਕਿੰਗ ਕੁੰਵਰ ਦੀ ਵੀਡਿਓ ਸੋਸ਼ਲ ਮੀਡੀਆ ਉੱਤੇ ਵੇਖੀ ਜਿਸ ਨੇ ਡੰਡ ਬੈਠਕਾਂ ਵਿੱਚ ਕਈ ਰਿਕਾਰਡ ਬਣਾਏ ਹਨ, ਫਿਰ ਬੱਸ ਉਸ ਨੂੰ ਵੇਖ ਕੇ ਸਿੱਖਣ ਲੱਗਾ ਅਤੇ ਰਿਕਾਰਡ ਆਪਣੇ ਨਾਂਅ ਦਰਜ ਕਰ ਲਏ। ਨੀਰਜ ਕਦੇ-ਕਦੇ ਕੁੰਵਰ ਨਾਲ ਗੱਲ ਕਰ ਲੈਂਦਾ ਹੈ। ਉਸ ਨੇ ਸੋਸ਼ਲ ਮੀਡੀਆ ਤੋਂ ਹੀ ਆਪਣੀ ਟ੍ਰੇਨਿੰਗ ਲਈ ਹੈ। ਘਰ ਦੀ ਰੋਟੀ, ਸਬਜ਼ੀ ਖਾ ਕੇ ਹੀ ਇਹ ਖਿਤਾਬ ਆਪਣੇ ਨਾਂਅ ਕੀਤੇ ਹਨ।
ਕੀ ਹੈ ਅਗਲਾ ਟੀਚਾ : ਦਰਅਸਲ, ਨੀਰਜ ਸ਼ੁਰੂ ਤੋਂ ਹੀ ਭਾਰਤੀ ਫੌਜ ਵਿੱਚ ਜਾਣ ਦਾ ਚਾਹਵਾਨ ਸੀ। ਉਹ ਕਈ ਵਾਰ ਭਰਤੀ ਵਿੱਚ ਜਾ ਵੀ ਚੁੱਕਾ ਹੈ, ਪਰ ਨੌਕਰੀਆਂ ਘਟ ਅਤੇ ਉਮੀਦਵਾਰ ਜਿਆਦਾ ਹੋਣ ਕਰਕੇ ਉਸ ਦਾ ਕਦੀ ਨੰਬਰ ਨਹੀਂ ਆਇਆ। ਫਿਰ ਵੀ ਉਹ ਲਗਾਤਾਰ ਕੋਸ਼ਿਸ਼ ਕਰ ਰਿਹਾ ਹੈ। ਹੁਣ ਉਹ ਗਿਨੀਜ਼ ਬੁੱਕ ਆਫ਼ ਵਰਲਡ ਰਿਕਾਰਡ ਵਿੱਚ ਆਪਣਾ ਨਾਮ ਦਰਜ ਕਰਵਾਉਣਾ ਚਾਹੁੰਦਾ ਹੈ ਜਿਸ ਸਬੰਧੀ ਉਹ ਲਗਾਤਾਰ ਕੋਸ਼ਿਸ਼ਾਂ ਕਰ ਰਿਹਾ ਹੈ। ਉਸ ਨੇ 125 ਡੰਡ ਲਾਉਣੇ ਹਨ ਅਤੇ 115 ਤੱਕ ਉਹ ਪਹੁੰਚ ਚੁੱਕਾ ਹੈ। ਜਲਦ ਹੀ, ਉਹ ਇਹ ਕੀਰਤੀਮਾਨ ਵੀ ਸਥਾਪਿਤ ਕਰ ਦੇਵੇਗਾ।
ਕਿਵੇਂ ਬਣਾਇਆ ਰਿਕਾਰਡ:ਦਰਅਸਲ, ਨੀਰਜ ਡੇਢ ਸਾਲ ਤੱਕ ਬੈਡ ਉੱਤੇ ਰਿਹਾ ਹੈ, ਜਦੋਂ ਉਸ ਨੇ ਸੋਸ਼ਲ ਮੀਡੀਆ ਤੋਂ ਪ੍ਰਭਾਵਿਤ ਹੋ ਕੇ ਡੰਡ ਮਾਰਨੇ ਸ਼ੁਰੂ ਕੀਤੇ, ਤਾਂ ਲਗਾਤਾਰ ਉਹ 12 ਘੰਟੇ ਪਹਿਲਾਂ ਕੰਮ ਕਰਦਾ ਫਿਰ 6 ਤੋਂ 7 ਘੰਟੇ ਪ੍ਰੈਕਟਿਸ ਕਰਦਾ। ਇਸ ਕਰਕੇ ਉਸ ਨੇ ਨੀਂਦ ਘੱਟ ਲਈ, ਉਸ ਦੀ ਖੁਰਾਕ ਗਰੀਬੀ ਕਰਕੇ ਨਾ ਮਾਤਰ ਸੀ। ਇਸ ਕਾਰਨ ਇੱਕ ਦਿਨ ਉਸ ਦੇ ਮੂੰਹ ਵਿੱਚੋਂ ਖੂਨ ਆਉਣ ਲੱਗ ਗਿਆ। ਪਰਿਵਾਰ ਨੇ ਕਈ ਡਾਕਟਰਾਂ ਨੂੰ ਵਿਖਾਇਆ, ਤਾਂ ਪਤਾ ਲੱਗਾ ਕਿ ਜਿਆਦਾ ਮਿਹਨਤ ਕਰਕੇ ਉਸ ਦੀ ਪੱਸਲੀਆਂ ਵਿੱਚ ਪਾਣੀ ਭਰਨ ਲੱਗ ਗਿਆ ਹੈ। ਡੇਢ ਸਾਲ ਤੱਕ ਉਸ ਦਾ ਇਲਾਜ ਚੱਲਦਾ ਰਿਹਾ। ਇਸ ਦੌਰਾਨ ਉਸ ਨੇ ਕੋਈ ਪ੍ਰੈਕਟਿਸ ਨਹੀਂ ਕੀਤੀ। ਪਰ, ਇਸ ਬਿਮਾਰੀ ਨੇ ਹੌਂਸਲਾ ਨਹੀਂ ਢਾਹੁਣ ਦਿੱਤਾ, ਸਗੋਂ ਦੁਗਣਾ ਤਕੜਾ ਹੋ ਕੇ ਨੀਰਜ ਫਿਰ ਉੱਠਿਆ ਅਤੇ ਦੋ ਰਿਕਾਰਡ ਬਣਾ ਕੇ ਨੌਜਵਾਨਾਂ ਲਈ ਮਿਸਾਲ ਕਾਇਮ ਕਰ ਦਿੱਤੀ।
ਪਰਿਵਾਰ ਦੀ ਕੀ ਅਪੀਲ: ਨੀਰਜ ਨੇ ਕਿਹਾ ਕਿ ਉਹ ਲੋਕਾਂ ਨੂੰ ਵਿਖਾਉਣਾ ਚਾਹੁੰਦਾ ਹੈ ਕਿ ਪੰਜਾਬ ਸਿਰਫ ਨਸ਼ੇੜੀਆਂ ਕਰਕੇ ਹੀ ਨਹੀਂ ਜਾਣਿਆ ਜਾਂਦਾ, ਸਗੋਂ ਪੰਜਾਬ ਦੇ ਨੌਜਵਾਨ ਖੇਡਾਂ ਵਿੱਚ ਵੀ ਅੱਗੇ ਹਨ। ਨਵੇਂ-ਨਵੇਂ ਕੀਰਤੀਮਾਨ ਬਣਾ ਰਹੇ ਹਨ। ਨੀਰਜ ਅਤੇ ਉਸ ਦੀ ਮਾਂ ਕਿਰਨ ਨੇ ਅਪੀਲ ਕੀਤੀ ਕਿ ਸਰਕਾਰ ਉਨ੍ਹਾਂ ਦੀ ਮਦਦ ਕਰੇ। ਨੀਰਜ ਦੀ ਮਾਂ ਕਿਰਨ ਦਾ ਕਹਿਣਾ ਹੈ ਕਿ ਸਾਨੂੰ ਮੀਡੀਆ ਤੋਂ ਹੀ ਉਮੀਦ ਹੈ, ਕਿ ਸਾਡੀ ਗੱਲ ਉੱਪਰ ਤੱਕ ਪਹੁੰਚੇਗੀ, ਜਦੋਂ ਉਹ ਰਿਕਾਰਡ ਬਣਾ ਕੇ ਆਇਆ ਸੀ, ਤਾਂ ਇਲਾਕੇ ਦੇ ਕਿਸੇ ਕੌਂਸਲਰ ਜਾਂ ਕਿਸੇ ਐਮਐਲਏ ਨੇ ਸਾਡੇ ਤੱਕ ਪਹੁੰਚ ਨਹੀਂ ਕੀਤੀ। ਇਸ ਕਰਕੇ ਮਨ ਬਹੁਤ ਨਿਰਾਸ਼ ਵੀ ਹੋਇਆ, ਪਰ ਉਮੀਦ ਜ਼ਰੂਰ ਹੈ ਕਿ ਇੱਕ ਨਾ ਇੱਕ ਦਿਨ ਉਨ੍ਹਾਂ ਦੇ ਬੇਟੇ ਨੂੰ ਕਾਮਯਾਬੀ ਜ਼ਰੂਰ ਮਿਲੇਗੀ।