ਖੰਨਾ:ਸਮਰਾਲਾ ਦੇ ਪਿੰਡ ਢਿੱਲਵਾਂ ਵਿਖੇ 50 ਰੁਪਏ ਖਾਤਰ ਦੋਸਤ ਨੇ ਦੋਸਤ ਦਾ ਕਤਲ ਕਰ ਦਿੱਤਾ ਗਿਆ। ਇਕ ਸਾਥੀ ਨੇ ਆਪਣੇ ਦੂਜੇ ਸਾਥੀ ਨੂੰ ਡੰਡੇ ਨਾਲ ਇੰਨਾ ਕੁੱਟਿਆ ਕਿ ਉਸਦੀ ਮੌਤ ਹੋ ਗਈ। ਦੋਵੇਂ ਸ਼ਰਾਬ ਪੀ ਕੇ ਝਗੜਾ ਕਰਨ ਲੱਗੇ। ਇਸ ਝਗੜੇ ਵਿੱਚ ਇੱਕ ਮਜ਼ਦੂਰ ਦੀ ਜਾਨ ਚਲੀ ਗਈ। ਮ੍ਰਿਤਕ ਦੀ ਪਛਾਣ ਬਿਹਾਰ ਦੇ ਮੋਤੀਹਾਰੀ ਜ਼ਿਲ੍ਹੇ ਦੇ ਰਹਿਣ ਵਾਲੇ ਸ਼ਿਵਨਾਥ ਮੁਖੀਆ (45) ਵਜੋਂ ਹੋਈ। ਇਸ ਕਤਲ ਕੇਸ ਵਿੱਚ ਪੁਲਿਸ ਨੇ ਮੁਲਜ਼ਮ ਇਨਰਜੀਤ ਮੁਖੀਆ ਵਾਸੀ ਜ਼ਿਲ੍ਹਾ ਬਾਰਾ (ਨੇਪਾਲ) ਨੂੰ ਗ੍ਰਿਫ਼ਤਾਰ ਕਰ ਲਿਆ।
50 ਰੁਪਏ ਖਾਤਰ ਦੋਸਤ ਨੇ ਕੀਤਾ ਦੋਸਤ ਦਾ ਕਤਲ, ਜਾਂਚ 'ਚ ਜੁੱਟੀ ਪੁਲਿਸ - ਸਮਰਾਲਾ ਚ ਕਤਲ
ਸਮਰਾਲਾ ਦੇ ਪਿੰਡ ਢਿੱਲਵਾਂ ਵਿਖੇ 50 ਰੁਪਏ ਖਾਤਰ ਦੋਸਤ ਨੇ ਦੋਸਤ ਦਾ ਕਤਲ ਕਰ ਦਿੱਤਾ। ਦੱਸ ਦਈਏ ਕਿ ਸ਼ਰਾਬ ਪੀ ਕੇ ਲੜੇ 2 ਮਜ਼ਦੂਰਾਂ ਨੇ ਦੂਜੇ ਨੂੰ ਡੰਡੇ ਨਾਲ ਕੁੱਟ-ਕੁੱਟ ਕੇ ਮਾਰਿਆ। ਜਿਸ ਕਰਕੇ ਇੱਕ ਮਜ਼ਦੂਰ ਦੀ ਮੌਤ ਹੋ ਗਈ।
50 ਰੁਪਏ ਖਾਤਰ ਲੜਾਈ:ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡੀ.ਐਸ.ਪੀ ਵਰਿਆਮ ਸਿੰਘ ਨੇ ਦੱਸਿਆ ਕਿ ਸ਼ਿਵਨਾਥ ਮੁਖੀਆ ਅਤੇ ਇਨਰਜੀਤ ਦੋਵੇਂ ਪਿੰਡ ਢਿੱਲਵਾਂ ਵਿਖੇ ਖੇਤਾਂ ਵਿੱਚ ਕੰਮ ਕਰਦੇ ਸਨ ਅਤੇ ਮੋਟਰਾਂ ’ਤੇ ਰਹਿੰਦੇ ਸਨ। ਬੀਤੀ ਰਾਤ ਦੋਵੇਂ ਸ਼ਰਾਬ ਲੈ ਕੇ ਆਏ ਅਤੇ ਪੀਣ ਲੱਗੇ। ਸ਼ਰਾਬ ਪੀਂਦਿਆਂ ਹੀ ਇਨਰਜੀਤ ਨੇ ਸ਼ਿਵਨਾਥ ਨੂੰ ਇੱਕ ਪੈੱਗ ਹੋਰ ਲਾਉਣ ਲਈ ਕਿਹਾ। ਸ਼ਿਵਨਾਥ ਨੇ ਪੈੱਗ ਲਗਾਉਣ ਤੋਂ ਇਨਕਾਰ ਕਰ ਦਿੱਤਾ। ਪੈੱਗ ਨਾ ਲਗਾਉਣ 'ਤੇ ਇਨਰਜੀਤ ਨੇ ਉਸਨੂੰ 50 ਰੁਪਏ ਦੀ ਮੰਗ ਕੀਤੀ। 50 ਰੁਪਏ ਨਾ ਦੇਣ 'ਤੇ ਇਨਰਜੀਤ ਨੇ ਮੋਟਰ 'ਤੇ ਪਏ ਡੰਡੇ ਨਾਲ ਸ਼ਿਵਨਾਥ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਇੰਨੀ ਬੇਰਹਿਮੀ ਨਾਲ ਕੁੱਟਿਆ ਕਿ ਸ਼ਿਵਨਾਥ ਮੁਖੀਆ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਡੰਡੇ ਨਾਲ ਕੁੱਟਮਾਰ:- ਦੱਸ ਦਈਏ ਮੁਲਜ਼ਮ ਇਨਰਜੀਤ ਸ਼ਰਾਬ ਦੇ ਨਸ਼ੇ 'ਚ ਟੱਲੀ ਸੀ। ਜਿਸ ਕਰਕੇ ਉਸਨੂੰ ਵਾਰਦਾਤ ਸਮੇਂ ਇਹ ਵੀ ਪਤਾ ਨਾ ਚੱਲਿਆ ਕਿ ਡੰਡੇ ਨਾਲ ਲਗਾਤਾਰ ਵਾਰ ਕਰਨ ਮਗਰੋਂ ਸ਼ਿਵਨਾਥ ਦੀ ਜਾਨ ਚਲੀ ਗਈ ਹੈ। ਜ਼ਮੀਨ ਉਪਰ ਡਿੱਗੇ ਪਏ ਦੇ ਵੀ ਮੁਲਜ਼ਮ ਡੰਡੇ ਮਾਰਦਾ ਰਿਹਾ। ਉਸਦੇ ਸਿਰ 'ਚ ਗੁੱਝੀਆਂ ਸੱਟਾਂ ਮਾਰੀਆਂ ਗਈਆਂ। ਕਤਲ ਮਗਰੋਂ ਸ਼ਰਾਬੀ ਹਾਲਤ 'ਚ ਮੁਲਜ਼ਮ ਭੱਜ ਨਾ ਸਕਿਆ ਤੇ ਆਪ ਵੀ ਜ਼ਮੀਨ ਉਪਰ ਹੀ ਡਿੱਗ ਪਿਆ। ਸਵੇਰ ਹੁੰਦੇ ਸਾਰ ਹੀ ਪੁਲਿਸ ਨੇ ਮੌਕੇ 'ਤੇ ਪਹੁੰਚ ਮੁਲਜ਼ਮ ਨੂੰ ਕਾਬੂ ਕਰ ਲਿਆ। ਇਨਰਜੀਤ ਦੇ ਖ਼ਿਲਾਫ਼ ਕਤਲ ਕੇਸ ਦਰਜ ਕੀਤਾ ਗਿਆ ਹੈ। ਦੂਜੇ ਪਾਸੇ ਸ਼ਿਵਨਾਥ ਦੀ ਲਾਸ਼ ਪੋਸਟਮਾਰਟਮ ਮਗਰੋਂ ਵਾਰਿਸਾਂ ਦੇ ਹਵਾਲੇ ਕਰ ਦਿੱਤੀ ਗਈ।