ਲੁਧਿਆਣਾ: ਨਿਵੇਸ਼ ਪੰਜਾਬ ਦੇ ਤਹਿਤ ਟਾਟਾ ਸਟੀਲ ਵੱਲੋਂ ਲੁਧਿਆਣਾ ਵਿੱਚ ਨਿਵੇਸ਼ ਕਰਨ ਦੇ ਫੈਸਲੇ ਤੋਂ ਬਾਅਦ ਅੱਜ ਟਾਟਾ ਸਟੀਲ ਨੇ ਆਪਣੇ ਪਹਿਲੇ ਯੂਨਿਟ ਦੀ ਸ਼ੁਰੂਆਤ ਕਰ ਦਿੱਤੀ ਹੈ, ਜਿਸ ਦਾ ਉਦਘਾਟਨ ਕਰਨ ਲਈ ਵਿਸ਼ੇਸ਼ ਤੌਰ ਉੱਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant maan) ਪੁੱਜੇ। ਟਾਟਾ ਸਟੀਲ ਵੱਲੋਂ 115 ਏਕੜ ਦੇ ਰਕਬੇ ਦੇ ਵਿੱਚ ਇਹ ਪਲਾਂਟ ਲਗਾਇਆ ਜਾ ਰਿਹਾ ਹੈ ਜਿਸ ਵਿੱਚ ਕੁੱਲ 2600 ਕਰੋੜ ਰੁਪਏ ਦਾ ਨਿਵੇਸ਼ ਕੀਤਾ ਜਾ ਰਿਹਾ ਹੈ। ਇਸ ਪਲਾਂਟ ਦੇ ਵਿੱਚ ਸਕਰੈਪ ਨੂੰ ਇਕੱਠਾ ਕਰਕੇ ਉਸ ਤੋਂ ਸਟੀਲ ਬਣਾਈ ਜਾਵੇਗੀ। ਟਾਟਾ ਸਟੀਲ (Tata Steel ) ਵੱਲੋਂ ਭਾਰਤ ਅੰਦਰ ਲਗਾਇਆ ਜਾ ਰਿਹਾ ਇਹ ਪਲਾਂਟ ਦੇਸ਼ ਦਾ ਦੂਜਾ ਸਭ ਤੋਂ ਵੱਡਾ ਪਲਾਂਟ ਹੈ ਜੋ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਵਿੱਚ ਲਗਾਇਆ ਗਿਆ ਹੈ। ਇਸ ਕੰਮ ਦੀ ਸ਼ੁਰੂਆਤ ਅੱਜ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਨੀਂਹ ਪੱਥਰ ਰੱਖ ਕੇ ਸ਼ੁਰੂ ਕਰਵਾ ਦਿੱਤੀ ਗਈ ਹੈ।
ਨੌਜਵਾਨਾਂ ਨੂੰ ਰੁਜ਼ਗਾਰ: ਮੰਚ ਤੋਂ ਸੰਬੋਧਿਤ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਸ ਪਲਾਂਟ ਨਾਲ ਨੌਜਵਾਨਾਂ ਨੂੰ ਰੁਜ਼ਗਾਰ (Youth employment) ਮਿਲੇਗਾ। ਉਹਨਾਂ ਕਿਹਾ ਕਿ 2000 ਨੌਜਵਾਨਾਂ ਨੂੰ ਸਿੱਧੇ ਤੌਰ ਉੱਤੇ ਨੌਕਰੀਆਂ ਮਿਲਣਗੀਆਂ। ਇਸ ਤੋਂ ਇਲਾਵਾ ਟਾਟਾ ਸਟੀਲ ਦਾ ਪਲਾਂਟ ਲੱਗਣ ਕਰਕੇ ਹੋਰ ਵੀ ਕੰਪਨੀਆਂ ਪੰਜਾਬ ਦੇ ਵਿੱਚ ਆਪਣੇ ਪਲਾਂਟ ਲਾਉਣ ਅਤੇ ਨਿਵੇਸ਼ ਕਰਨ ਦੇ ਲਈ ਆਕਰਸ਼ਿਤ ਹੋਣਗੀਆਂ। ਸੀਐੱਮ ਭਗਵੰਤ ਮਾਨ ਨੇ ਅੱਗੇ ਕਿਹਾ ਕਿ ਉਨ੍ਹਾਂ ਨੇ ਟਾਟਾ ਸਟੀਲ ਨੂੰ ਅਪੀਲ ਕੀਤੀ ਹੈ ਕਿ ਜਿਹੜੇ ਪਿੰਡਾਂ ਦੀਆਂ ਜ਼ਮੀਨਾਂ ਇਸ ਪਲਾਂਟ ਨੂੰ ਲਗਾਉਣ ਲਈ ਐਕਵਾਇਰ ਹੋਈਆਂ ਹਨ ਉਨ੍ਹਾਂ ਪਿੰਡਾਂ ਦੇ ਨੌਜਵਾਨਾਂ ਨੂੰ ਨੌਕਰੀ ਪਹਿਲ ਦੇ ਅਧਾਰ ਉੱਤੇ ਦਿੱਤੀ ਜਾਵੇ।
ਟਾਟਾ ਸਟੀਲ ਦੀ ਸ਼ਲਾਘਾ: ਮੁੱਖ ਮੰਤਰੀ ਪੰਜਾਬ ਨੇ ਟਾਟਾ ਸਟੀਲ ਦੀ ਸ਼ਲਾਘਾ ਕੀਤੀ ਅਤੇ ਨਾਲ ਹੀ ਕਿਹਾ ਕਿ ਟਾਟਾ ਦੇ ਪਲਾਂਟ ਵਿੱਚ ਜਦੋਂ ਉਹ ਗਏ ਸਨ ਤਾਂ ਉਹਨਾਂ ਨੂੰ ਲੱਗਿਆ ਕਿ ਉਹ ਕਿਸੇ ਆਜ਼ਾਦੀ ਦੇ ਅਜਾਇਬ ਘਰ ਦੇ ਵਿੱਚ ਆ ਗਏ ਹਨ। ਉਹਨਾਂ ਨੇ ਕਿਹਾ ਕਿ ਭਾਵੇਂ ਬਾਕੀ ਕੰਪਨੀਆਂ ਨੇ ਪੈਸੇ ਕਮਾਏ ਹੋਣ ਪਰ ਟਾਟਾ ਨੇ ਦੇਸ਼ ਦੀ ਸੇਵਾ ਲਈ ਅਹਿਮ ਯੋਗਦਾਨ ਪਾਇਆ ਹੈ। ਸੀਐੱਮ ਮੁਤਾਬਿਕ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਦੀ ਸਥਿਤੀ ਬਿਲਕੁਲ ਠੀਕ ਹੈ ਅਤੇ ਆਪਸੀ ਭਾਈਚਾਰਕ ਸਾਂਝ ਕਾਇਮ ਹੈ, ਇਹੀ ਕਾਰਨ ਹੈ ਕਿ ਟਾਟਾ ਵਰਗੀ ਕੰਪਨੀ ਨੇ ਪੰਜਾਬ ਦੇ ਵਿੱਚ ਨਿਵੇਸ਼ ਕਰਨ ਦਾ ਫੈਸਲਾ ਕੀਤਾ।