ਲੁਧਿਆਣਾ:ਕਾਂਗਰਸ ਦੇ ਸਾਬਕਾ ਵਿਧਾਇਕ ਕੁਲਦੀਪ ਵੈਦ ਅੱਜ ਮੁੜ ਤੋਂ ਵਿਜੀਲੈਂਸ ਅੱਗੇ ਪੇਸ਼ ਹੋਏ, ਦੁਪਹਿਰ ਇੱਕ ਵਜੇ ਤੋਂ ਲੈ ਕੇ ਸ਼ਾਮ ਦੇ ਪੰਜ ਵਜੇ ਤੱਕ ਵਿਜੀਲੈਂਸ ਵੱਲੋਂ ਕੁਲਦੀਪ ਵੈਦ ਤੋਂ ਪੁੱਛਗਿੱਛ ਕੀਤੀ ਗਈ, ਇਸ ਦੌਰਾਨ ਕੁਲਦੀਪ ਵੈਦ ਨੂੰ ਮੁੜ ਤੋਂ 17 ਅਪ੍ਰੈਲ ਨੂੰ ਵਿਜੀਲੈਂਸ ਨੇ ਪੇਸ਼ ਹੋਣ ਲਈ ਕਿਹਾ ਗਿਆ ਹੈ, ਜਿਸ ਦੀ ਪੁਸ਼ਟੀ ਐੱਸਐੱਸਪੀ ਵਿਜੀਲੈਂਸ ਰਵਿੰਦਰਪਾਲ ਸੰਧੂ ਵੱਲੋਂ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸਾਬਕਾ ਵਿਧਾਇਕ ਵੱਲੋਂ ਦਸਤਾਵੇਜ਼ ਪੂਰੇ ਨਹੀਂ ਕੀਤੇ ਗਏ ਜਿਸ ਕਰਕੇ ਮੁੜ ਤੋਂ 17 ਅਪ੍ਰੈਲ ਨੂੰ ਸੱਦਿਆ ਗਿਆ ਹੈ। ਕੁਲਦੀਪ ਵੈਦ ਸਾਬਕਾ ਐੱਮਐੱਲਏ ਗਿੱਲ ਹਲਕੇ ਤੋਂ ਨੇ ਅਤੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਉਨ੍ਹਾਂ ਖ਼ਿਲਾਫ਼ ਜਾਂਚ ਵਿਜੀਲੈਂਸ ਵੱਲੋਂ ਕੀਤੀ ਜਾ ਰਹੀ ਹੈ।
ਚੰਡੀਗੜ੍ਹ ਅਤੇ ਲੁਧਿਆਣਾ ਤੋਂ ਵਿਜੀਲੈਸ ਦੀਆਂ ਟੀਮਾਂ: ਇਸ ਤੋਂ ਪਹਿਲਾਂ ਕੁਲਦੀਪ ਵੈਦ ਦੋ ਵਾਰ ਵਿਜੀਲੈਂਸ ਦਫਤਰ ਪਹਿਲਾਂ ਹੀ ਪੇਸ਼ ਹੋ ਚੁੱਕੇ ਨੇ, ਕੁਲਦੀਪ ਵੈਦ ਦੇ ਘਰ ਵਿੱਚ ਬੀਤੇ ਦਿਨੀਂ ਚੰਡੀਗੜ੍ਹ ਅਤੇ ਲੁਧਿਆਣਾ ਤੋਂ ਵਿਜੀਲੈਸ ਦੀਆਂ ਟੀਮਾਂ ਨੇ ਜਾਇਦਾਦ ਦਾ ਵੇਰਵਾ ਲਿਆ ਸੀ। ਜਿਸ ਤੋਂ ਬਾਅਦ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਦੇ ਵਿੱਚ ਵਿਜੀਲੈਂਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਨਾਲ ਹੀ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਦਸਤਾਵੇਜ਼ ਮੰਗੇ ਜਾ ਰਹੇ ਨੇ 6 ਤਰੀਕ ਨੂੰ ਯਾਨੀ ਅੱਜ ਵਿਜੀਲੈਂਸ ਅੱਗੇ ਕੁਲਦੀਪ ਵੈਦ ਨੇ ਆਪਣੀ ਜਾਇਦਾਦ ਸੰਬੰਧੀ ਵੇਰਵਾ ਦੇਣਾ ਸੀ ਪਰ ਅੱਜ ਵੀ ਉਹ ਪੂਰੇ ਦਸਤਾਵੇਜ਼ ਨਹੀਂ ਦੇ ਸਕੇ ਜਿਸ ਕਰਕੇ ਮੋੜ ਤੋਂ ਕੁਲਦੀਪ ਵੈਦ ਨੂੰ ਬੁਲਾਇਆ ਗਿਆ ਹੈ ।