ਹਿੱਟ ਐਂਡ ਰਨ ਕਾਨੂੰਨ ਸਬੰਧੀ ਜਾਣਕਾਰੀ ਦਿੰਦੇ ਹੋਏ ਲੁਧਿਆਣਾ: ਹਿੱਟ ਐਂਡ ਰਨ ਕਾਨੂੰਨ ਦੇ ਵਿੱਚ ਆਈਆਂ ਤਬਦੀਲੀਆਂ ਤੋਂ ਬਾਅਦ ਦੇਸ਼ ਭਰ ਦੇ ਵਿੱਚ ਡਰਾਈਵਰਾਂ ਵੱਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ। ਜੇਕਰ ਟਰੈਫਿਕ ਮਹਿਰਾਂ ਦੀ ਮੰਨੀਏ ਤਾਂ ਉਹਨਾਂ ਦੇ ਮੁਤਾਬਕ ਇਹ ਨਿਯਮ ਬਿਲਕੁਲ ਸਹੀ ਹਨ ਕਿਉਂਕਿ ਸਾਡੇ ਦੇਸ਼ ਦੇ ਵਿੱਚ ਹਿੱਟ ਐਂਡ ਰਨ ਦੇ ਕੇਸ ਲਗਾਤਾਰ ਵਧ ਰਹੇ ਹਨ। ਉਹਨਾਂ ਕਿਹਾ ਕਿ ਇਹ ਆਮ ਹੋ ਚੁੱਕਾ ਹੈ ਕਿ ਕੋਈ ਵੀ ਸੜਕ 'ਤੇ ਦਰੜ ਦਿੰਦਾ ਹੈ ਅਤੇ ਫਿਰ ਉਥੋਂ ਫਰਾਰ ਹੋ ਜਾਂਦੇ ਹਨ।
ਵਿਰੋਧ ਦੀ ਥਾਂ ਕਾਨੂੰਨ ਦਾ ਹੋਣਾ ਚਾਹੀਦਾ ਸਵਾਗਤ:ਉਹਨਾਂ ਕਿਹਾ ਕਿ ਲੋਕਾਂ ਦੇ ਵਿੱਚ ਇਨਸਾਨੀਅਤ ਖ਼ਤਮ ਹੁੰਦੀ ਜਾ ਰਹੀ ਹੈ ਤੇ ਅਜਿਹੇ ਦੇ ਵਿੱਚ ਇਨਸਾਨੀਅਤ ਨੂੰ ਬਰਕਰਾਰ ਰੱਖਣ ਲਈ ਇਹ ਨਿਯਮ ਬੇਹਦ ਜ਼ਰੂਰੀ ਹਨ। ਉਹਨਾਂ ਕਿਹਾ ਕਿ ਜੇਕਰ ਕੋਈ ਡਰਾਈਵਰ ਸਹੀ ਡਰਾਈਵ ਕਰ ਰਿਹਾ ਹੈ ਤਾਂ ਉਹ ਕਿਸੇ ਨੂੰ ਦਰੜੇਗਾ ਹੀ ਨਹੀਂ ਅਤੇ ਉਸ ਦੀ ਕੋਈ ਗਲਤੀ ਨਹੀਂ ਹੋਵੇਗੀ ਤਾਂ ਉਹ ਕਿਉਂ ਡਰ ਰਹੇ ਹਨ। ਟਰੈਫਿਕ ਮਾਹਿਰ ਕਮਲਜੀਤ ਸੋਹੀ ਨੇ ਕਿਹਾ ਕਿ ਨਿਯਮਾਂ ਦੇ ਵਿੱਚ ਤਬਦੀਲੀ ਸਮੇਂ ਦੀ ਲੋੜ ਸੀ, ਇਸ ਨੂੰ ਕਰਨਾ ਬੇਹਦ ਜ਼ਰੂਰੀ ਸੀ। ਉਹਨਾਂ ਕਿਹਾ ਕਿ ਇਸ ਦਾ ਡਰਾਈਵਰ ਭਾਈਚਾਰੇ ਨੂੰ ਸਵਾਗਤ ਕਰਨਾ ਚਾਹੀਦਾ ਹੈ ਨਾ ਕਿ ਵਿਰੋਧ ਕਰਨਾ ਚਾਹੀਦਾ ਹੈ।
ਮੋਬਲਿੰਚਿੰਗ ਕਰਨ ਵਾਲਿਆਂ 'ਤੇ ਕਤਲ ਦਾ ਮਾਮਲਾ: ਉੱਥੇ ਹੀ ਦੂਜੇ ਪਾਸੇ ਭੀੜ ਦਾ ਸ਼ਿਕਾਰ ਹੋਣ ਦੇ ਪੁੱਛੇ ਸਵਾਲ 'ਤੇ ਉਹਨਾਂ ਕਿਹਾ ਕਿ ਇੱਕ ਪਾਸੇ ਜਿੱਥੇ ਕੇਂਦਰ ਸਰਕਾਰ ਵੱਲੋਂ ਨਿਯਮਾਂ ਦੇ ਵਿੱਚ ਤਬਦੀਲੀ ਕੀਤੀ ਗਈ ਹੈ, ਉੱਥੇ ਹੀ ਮੋਬਲਿੰਚਿੰਗ ਸਬੰਧੀ ਵੀ ਕਾਨੂੰਨ ਪਾਸ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਮੋਬਲਿੰਚਿੰਗ ਕਰਨ ਵਾਲਿਆਂ 'ਤੇ ਸਿੱਧਾ ਕਤਲ ਦਾ ਮਾਮਲਾ ਕਰਨ ਸਬੰਧੀ ਵੀ ਕਾਨੂੰਨ ਪਾਸ ਕੀਤਾ ਗਿਆ ਹੈ। ਉਸ ਸਬੰਧੀ ਵੀ ਡਰਾਈਵਰਾਂ ਨੂੰ ਧਿਆਨ ਦੇਣ ਦੀ ਲੋੜ ਹੈ। ਉਹਨਾਂ ਕਿਹਾ ਕਿ ਕਿਸੇ ਦਾ ਵੀ ਪੁੱਤ, ਕਿਸੇ ਦਾ ਪਿਓ, ਕਿਸੇ ਦਾ ਭਰਾ ਸੜਕ 'ਤੇ ਜੇਕਰ ਇਸ ਤਰਾਂ ਮਰਨ ਲਈ ਛੱਡ ਦਿੱਤਾ ਜਾਂਦਾ ਹੈ ਤਾਂ ਇਹ ਵੀ ਸਹੀ ਨਹੀਂ ਹੈ। ਉਹਨਾਂ ਕਿਹਾ ਕਿ ਇਨਸਾਨੀਅਤ ਦੇ ਤੌਰ 'ਤੇ ਇਸ ਕਾਨੂੰਨ ਨੂੰ ਲੈਣਾ ਚਾਹੀਦਾ ਹੈ। ਜੇਕਰ ਕੋਈ ਇਸ ਦਾ ਵਿਰੋਧ ਕਰ ਰਿਹਾ ਹੈ ਤਾਂ ਉਹ ਗਲਤ ਹੈ।
ਸਿਆਸੀ ਸ਼ਿਕਾਰ ਨਾ ਹੋਣ ਡਰਾਈਵਰ:ਕਮਲਜੀਤ ਸੋਈ ਨੇ ਇਹ ਵੀ ਕਿਹਾ ਕਿ ਡਰਾਈਵਰ ਭਾਈਚਾਰੇ ਨੂੰ ਸਿਆਸਤ ਦਾ ਸ਼ਿਕਾਰ ਨਹੀਂ ਹੋਣਾ ਚਾਹੀਦਾ। ਉਹਨਾਂ ਕਿਹਾ ਕਿ ਵਿਰੋਧੀ ਪਾਰਟੀਆਂ ਦੇ ਕੋਲ ਹੁਣ ਕੋਈ ਹੋਰ ਮੁੱਦਾ ਨਹੀਂ ਹੈ, ਉਹ ਇਸ ਨੂੰ ਜਾਣਬੁਝ ਕੇ ਮੁੱਦਾ ਬਣਾ ਰਹੇ ਹਨ, ਇਸ ਕਰਕੇ ਉਹਨਾਂ ਨੂੰ ਕਾਨੂੰਨ ਦਾ ਸਾਥ ਦੇਣ ਦੀ ਲੋੜ ਹੈ। ਉਹਨਾਂ ਕਿਹਾ ਕਿ ਹੜਤਾਲ ਕਰਨ ਨਾਲ ਜਾਂ ਫਿਰ ਵਿਰੋਧ ਕਰਨ ਨਾਲ ਸਮੱਸਿਆ ਦਾ ਹੱਲ ਨਹੀਂ ਹੁੰਦਾ, ਕਾਨੂੰਨ ਨੂੰ ਸਮਝਣ ਦੀ ਲੋੜ ਹੈ, ਇਹ ਉਹਨਾਂ ਦੇ ਫਾਇਦੇ ਦੀ ਹੀ ਗੱਲ ਹੈ।
ਕਾਨੂੰਨ ਹੋਰ ਸਖ਼ਤ ਕਰਨਾ ਚਾਹੀਦਾ: ਉਹਨਾਂ ਕਿਹਾ ਕਿ ਡਰਾਈਵਰਾਂ ਦੇ ਲਾਈਸੈਂਸ ਬਣਾਉਣ ਤੋਂ ਪਹਿਲਾਂ ਹੀ ਇਸ ਦੀ ਸ਼ੁਰੂਆਤ ਹੋ ਜਾਣੀ ਚਾਹੀਦੀ ਹੈ। ਪੰਜਾਬ ਦੇ ਵਿੱਚ 96 ਫੀਸਦੀ ਟੈਸਟ ਪਾਸ ਦੀ ਰੇਟਿੰਗ ਹੈ ਜੋ ਕਿ ਕਿਸੇ ਵੀ ਸੂਰਤ ਦੇ ਵਿੱਚ ਸਹੀ ਨਹੀਂ ਹੈ। ਉਹਨਾਂ ਕਿਹਾ ਕਿ ਪੈਸੇ ਦੇ ਕੇ ਲਾਈਸੈਂਸ ਨਹੀਂ ਬਣਨੇ ਚਾਹੀਦੇ, ਇਸ ਸਬੰਧੀ ਸਖ਼ਤ ਕਾਨੂੰਨ ਹੋਣੇ ਚਾਹੀਦੇ ਹਨ। ਜੇਕਰ ਪਹਿਲਾਂ ਹੀ ਡਰਾਈਵਰ ਨੂੰ ਚੰਗੀ ਸਿਖਲਾਈ ਹੋਵੇਗੀ ਤਾਂ ਉਹ ਸੜਕਾਂ 'ਤੇ ਕਿਸੇ ਨੂੰ ਨਹੀਂ ਦਰੜੇਗਾ ਅਤੇ ਜੇਕਰ ਉਹ ਸਹੀ ਡਰਾਈਵਿੰਗ ਕਰੇਗਾ ਤਾਂ ਉਸ ਲਈ ਇਹ ਕਾਨੂੰਨ ਵੀ ਗਲਤ ਨਹੀਂ ਹਨ, ਇਹਨਾਂ ਦੀ ਪਾਲਣਾ ਜ਼ਰੂਰੀ ਹੈ। ਉਹਨਾਂ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਇਸ ਵਿੱਚ ਹੋਰ ਸਖ਼ਤੀ ਕਰਨ ਦੀ ਲੋੜ ਹੈ, ਕਿਉਂਕਿ ਕਿਸੇ ਨੂੰ ਇਸ ਤਰ੍ਹਾਂ ਸੜਕ 'ਤੇ ਮਰਨ ਲਈ ਛੱਡ ਦੇਣਾ ਚੰਗੀ ਗੱਲ ਨਹੀਂ।