ਲੁਧਿਆਣਾ: ਪੰਜਾਬ ਦੀ ਨੌਜਵਾਨੀ ਜਿੱਥੇ ਨਸ਼ੇ ਦਾ ਲਗਾਤਾਰ ਸ਼ਿਕਾਰ ਹੁੰਦੀ ਜਾ ਰਹੀ ਹੈ ਉਥੇ ਹੀ ਦੂਜੇ ਪਾਸੇ ਡਾ. ਦਵਾਰਕਾ ਕੋਟਨਿਸ ਹਸਪਤਾਲ ਸੰਸਥਾ ਦੇ ਫਾਊਂਡਰ ਡਾ. ਇੰਦਰਜੀਤ ਕਿੰਗਰਾ ਅਤੇ ਆਈਪੀਐਸ ਇਕਬਾਲ ਸਿੰਘ ਗਿੱਲ ਜੋ ਕਿ ਸਾਲ 2020 ਵਿੱਚ ਪੰਜਾਬ ਪੁਲਿਸ (Punjab Police) ’ਚ ਬਤੌਰ ਏਆਈਜੀ ਅਹੁਦੇ ’ਤੇ ਰਹਿ ਚੁੱਕੇ ਹਨ। ਉਨ੍ਹਾਂ ਵੱਲੋਂ ਹੁਣ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Chief Minister Charanjit Singh Channi) ਨੂੰ ਪੱਤਰ ਲਿਖ ਕੇ ਨਸ਼ਾ ਛੁਡਾਊ ਕੇਂਦਰਾਂ ਵਿੱਚ ਨੌਜਵਾਨਾਂ ਨੂੰ ਭੁੱਕੀ ਅਤੇ ਅਫ਼ੀਮ ਦੇਣ ਲਈ ਕਿਹਾ ਗਿਆ ਤਾਂ ਜੋ ਮਹਿੰਗੇ ਨਸ਼ੇ ਤੋਂ ਛੁਟਕਾਰਾ ਮਿਲ ਸਕੇ। ਉਨ੍ਹਾਂ ਕਿਹਾ ਕਿ ਭੁੱਕੀ ਅਤੇ ਅਫ਼ੀਮ (Opium) ਦਾ ਕੋਈ ਸਰੀਰ ’ਤੇ ਜ਼ਿਆਦਾ ਨੁਕਸਾਨ ਵੀ ਨਹੀਂ ਹੁੰਦਾ।
ਕਾਬਿਲੇਗੌਰ ਹੈ ਕਿ ਸੰਸਥਾ ਵੱਲੋਂ ਲੰਬੇ ਸਮੇਂ ਤੋਂ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰੱਖਣ ਲਈ ਕੰਮ ਕੀਤਾ ਜਾ ਰਿਹਾ ਹੈ ਅਤੇ ਇਸੇ ਦੇ ਤਹਿਤ ਇੰਨ੍ਹਾਂ ਵੱਲੋਂ ਨੌਜਵਾਨ ਜੋ ਨਸ਼ੇ ਦੇ ਆਦੀ ਹਨ ਉਨ੍ਹਾਂ ਨੂੰ ਮੁਫ਼ਤ ’ਚ ਸਰਿੰਜ ਮੁਹੱਈਆ ਕਰਵਾਈ ਜਾਂਦੀ ਹੈ ਤਾਂ ਜੋ ਉਹ ਨਸ਼ੇ ਤੋਂ ਦੂਰ ਹੋ ਸਕਣ। ਡਾ. ਸੁਰਿੰਦਰਜੀਤ ਢੀਂਗਰਾ ਨੇ ਕਿਹਾ ਕਿ ਸਿੰਥੈਟਿਕ ਨਸ਼ਿਆਂ ਤੋਂ ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਇਹ ਕਦਮ ਚੁੱਕਣਾ ਬੇਹੱਦ ਜ਼ਰੂਰੀ ਹੈ।
ਉਨ੍ਹਾਂ ਕਿਹਾ ਕਿ ਮਹਿੰਗੇ ਨਸ਼ਿਆਂ ਕਰਕੇ ਪੰਜਾਬ ਦੇ ਵਿੱਚ ਅਪਰਾਧ ਲਗਾਤਾਰ ਵਧਦੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜਿੱਥੇ ਲੁੱਟਾਂ-ਖੋਹਾਂ, ਕਤਲ ਦੀਆ ਘਟਨਾਵਾਂ ਵਧ ਰਹੀਆਂ ਹਨ ਉੱਥੇ ਹੀ ਨੌਜਵਾਨ ਗੈਂਗਸਟਰ ਬਣ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਇਹ ਗੱਲ ਸਾਬਿਤ ਕਰ ਚੁੱਕੇ ਹਨ ਕਿ ਜੇਕਰ ਕੋਈ ਨਸ਼ਾ ਛੱਡਣਾ ਚਾਹੁੰਦਾ ਹੋਵੇ ਤਾਂ ਨਸ਼ਾ ਛੱਡ ਵੀ ਸਕਦਾ ਹੈ ਪਰ ਇਸ ਲਈ ਬਦਲ ਲੱਭਣਾ ਹੋਵੇਗਾ। ਉਨ੍ਹਾਂ ਭੁੱਕੀ ਅਤੇ ਅਫ਼ੀਮ ਨੂੰ ਇਸ ਦਾ ਇੱਕ ਚੰਗਾ ਬਦਲ ਦੱਸਿਆ ਹੈ।