ਪਾਇਲ ਵਿੱਚ ਨਾਜਾਇਜ਼ ਮਾਈਨਿੰਗ ਨੂੰ ਲੈ ਕੇ ਭਖੀ ਸਿਆਸਤ ਲੁਧਿਆਣਾ :ਸੂਬਾ ਸਰਕਾਰ ਮਾਈਨਿੰਗ ਨੂੰ ਲੈਕੇ ਪਹਿਲਾਂ ਤੋਂ ਸਖ਼ਤ ਕਦਮ ਚੁੱਕਣ ਦੇ ਦਾਅਵੇ ਕਰ ਰਹੀ ਹੈ ਅਤੇ ਨਜਾਇਜ਼ ਮਾਈਨਿੰਗ ਕਰਨ ਵਾਲਿਆਂ ਨੂੰ ਚਿਤਾਵਨੀ ਵੀ ਦਿੱਤੀ ਜਾ ਚੁਕੀ ਹੈ। ਪਰ ਬਾਵਜੂਦ ਇਸ ਦੇ ਮਾਈਨਿੰਗ ਦੇ ਮਾਮਲੇ ਸਾਹਮਣੇ ਆ ਰਹੇ ਹਨ। ਵਿਧਾਨ ਸਭਾ ਹਲਕਾ ਪਾਇਲ 'ਚ ਨਾਜਾਇਜ਼ ਮਾਈਨਿੰਗ ਨੂੰ ਲੈ ਕੇ ਸਿਆਸਤ ਭਖ ਗਈ ਹੈ। ਇਸ ਮੁੱਦੇ 'ਤੇ ਸਾਬਕਾ ਵਿਧਾਇਕ ਤੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਲੱਖਾ ਨੇ ਪ੍ਰੈੱਸ ਕਾਨਫਰੰਸ ਕਰਕੇ 'ਆਪ' ਦੇ ਮੌਜੂਦਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ 'ਤੇ ਗੰਭੀਰ ਦੋਸ਼ ਲਾਏ। ਓਥੇ ਹੀ ਗਿਆਸਪੁਰਾ ਨੇ ਸਾਬਕਾ ਵਿਧਾਇਕ ਨੂੰ ਸਿੱਧੀ ਚੁਣੌਤੀ ਦਿੱਤੀ।
ਸੂਬਾ ਸਰਕਾਰ ਉੱਤੇ ਚੁੱਕੇ ਸਵਾਲ :ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਨੇ ਕਿਹਾ ਕਿ ਪਾਇਲ ਵਿਖੇ ਰੌਲ ਨਹਿਰ ਪੁਲ ਉਪਰ ਸਰੇਆਮ ਨਜਾਇਜ ਮਾਈਨਿੰਗ ਹੋ ਰਹੀ ਹੈ। ਕਾਂਗਰਸ ਵੇਲੇ ਤਾਂ ਓਹਨਾਂ ਉਪਰ ਇਲਜਾਮ ਲਗਾ ਦਿੱਤੇ ਜਾਂਦੇ ਸੀ। ਕੀ ਹੁਣ ਮੌਜੂਦਾ ਨੁਮਾਇੰਦੇ ਮਾਈਨਿੰਗ ਕਰਵਾ ਰਹੇ ਹਨ ਇਹ ਸਪਸ਼ੱਟ ਕੀਤਾ ਜਾਵੇ। ਨਸ਼ਿਆਂ ਨੂੰ ਲੈਕੇ ਵੀ ਲੱਖਾ ਨੇ ਮੌਜੂਦਾ ਵਿਧਾਇਕ ਦੀ ਕਾਰਜਸ਼ੈਲੀ ਉਪਰ ਸਵਾਲ ਚੁੱਕੇ। ਓਹਨਾਂ ਕਿਹਾ ਕਿ ਪਾਇਲ ਅੰਦਰ ਘਰ ਘਰ ਨਸ਼ਾ ਵਿਕ ਰਿਹਾ ਹੈ। ਨੌਜਵਾਨ ਨਸ਼ਿਆਂ ਨਾਲ ਮਰ ਰਹੇ ਹਨ। ਵਿਧਾਇਕ ਦੱਸਣ ਕੌਣ ਨਸ਼ਾ ਵਿਕਾ ਰਿਹਾ ਹੈ।
ਮੁਆਫੀ ਮੰਗਣ ਲਈ ਦਿੱਤਾ ਦੱਸ ਦਿਨ ਦਾ ਸਮਾਂ : ਦੂਜੇ ਪਾਸੇ ਮੌਜੂਦਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਕਿਹਾ ਕਿ ਆਪ ਦੀ ਸਰਕਾਰ ਵਿੱਚ ਵੀ ਕਾਂਗਰਸੀ ਨਾਜਾਇਜ਼ ਕਾਰੋਬਾਰ ਕਰ ਰਹੇ ਹਨ। ਸਰਕਾਰ ਨੂੰ ਬਦਨਾਮ ਕੀਤਾ ਜਾ ਰਿਹਾ ਹੈ। ਸਾਬਕਾ ਵਿਧਾਇਕ ਲੱਖਾ ਪਾਇਲ ਵਿੱਚ ਨਾਜਾਇਜ਼ ਮਾਈਨਿੰਗ ਬਾਰੇ ਬੋਲ ਕੇ ਆਪ ਨੂੰ ਬਦਨਾਮ ਕਰ ਰਹੇ ਹਨ, ਇਸਦੇ ਸਬੂਤ ਉਹ ਖੁਦ ਜਨਤਕ ਕਰਨਗੇ। ਓਹਨਾਂ ਕਿਹਾ ਕਿ ਸਾਬਕਾ ਵਿਧਾਇਕ ਦੇ ਸਾਥੀ ਨਾਜਾਇਜ਼ ਮਾਈਨਿੰਗ ਕਰ ਰਹੇ ਹਨ। ਇਸਦੀ ਵੀਡੀਓ ਓਹਨਾਂ ਕੋਲ ਹੈ। ਇਸ ਲਈ ਲੱਖਾ ਨੂੰ 10 ਦਿਨ ਦਾ ਸਮਾਂ ਦਿੱਤਾ ਗਿਆ ਹੈ। ਜੇਕਰ ਲੱਖਾ ਝੂਠੇ ਦੋਸ਼ਾਂ ਲਈ ਮੁਆਫੀ ਮੰਗਦੇ ਹਨ ਤਾਂ ਉਹ ਕਿਸੇ ਖਿਲਾਫ ਕੋਈ ਕਾਨੂੰਨੀ ਕਾਰਵਾਈ ਨਹੀਂ ਕਰਨਗੇ। ਜੇਕਰ ਮੁਆਫੀ ਨਾ ਮੰਗੀ ਗਈ ਤਾਂ ਵੀਡੀਓ ਜਨਤਕ ਕਰ ਦਿੱਤੀ ਜਾਵੇਗੀ।
ਕਾਂਗਰਸ ਪਾਰਟੀ ਉੱਤੇ ਵੀ ਸਵਾਲ :ਪਰਚੇ ਵੀ ਦਰਜ ਹੋਣਗੇ। ਇਸਦੇ ਨਾਲ ਹੀ ਗਿਆਸਪੁਰਾ ਨੇ ਕਿਹਾ ਕਿ ਉਹ ਸਿਆਸੀ ਬਦਲਾਖੋਰੀ ਚ ਵਿਸ਼ਵਾਸ ਨਹੀਂ ਰੱਖਦੇ। ਇਸ ਕਰਕੇ ਓਹਨਾਂ ਦੀ ਕੋਸ਼ਿਸ਼ ਹੈ ਕਿ ਸਾਬਕਾ ਵਿਧਾਇਕ ਆਪ ਹੀ ਆਪਣੀ ਗਲਤੀ ਮੰਨ ਲੈਣ ਤਾਂ ਬਿਹਤਰ ਹੋਵੇਗਾ। ਇਸ ਦੌਰਾਨ ਵਿਧਾਇਕ ਗਿਆਸਪੁਰਾ ਨੇ ਇਕ ਵਾਰ ਫਿਰ ਖੰਨਾ 'ਚ ਫੜੀ ਗਈ ਸ਼ਰਾਬ ਫੈਕਟਰੀ ਦਾ ਮੁੱਦਾ ਚੁੱਕਿਆ। ਉਨ੍ਹਾਂ ਇੱਕ ਵੱਡੇ ਕਾਂਗਰਸੀ ਆਗੂ ਦਾ ਨਾਂ ਲੈਂਦਿਆਂ ਕਿਹਾ ਕਿ ਕਾਂਗਰਸੀਆਂ ਨੇ ਆਪਣੀ ਸਰਕਾਰ ਵਿੱਚ ਨਕਲੀ ਸ਼ਰਾਬ ਦੀ ਫੈਕਟਰੀ ਲਗਾਈ। ਇਸ ਦੀ ਮੁੜ ਜਾਂਚ ਕਰਵਾਈ ਜਾਵੇਗੀ।