ਲੁਧਿਆਣਾ : ਪੰਜਾਬ ਵਿਚ ਲਗਾਤਾਰ ਵੱਧ ਰਹੀਆਂ ਜ਼ਬਰ-ਜਨਾਹ ਦੀਆਂ ਵਾਰਦਾਤਾਂ ਪੁਲਿਸ ਪ੍ਰਸ਼ਾਸਨ ਉਤੇ ਸਵਾਲੀਆ ਚਿੰਨ੍ਹ ਲਾਉਂਦੀਆਂ ਹਨ। ਹਾਲ ਹੀ ਵਿਚ ਇਕ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਹੈ, ਜਿਥੇ ਇਕ ਨੌਜਵਾਨ ਵੱਲੋਂ ਇਕ ਨਬਾਲਿਗ ਲੜਕੀ ਨਾਲ ਜ਼ਬਰ ਜਨਾਹ ਕੀਤਾ ਗਿਆ, ਇਸ ਉਪਰੰਤ ਨਬਾਲਿਗਾ ਨੂੰ ਧਮਕੀਆਂ ਵੀ ਦਿੱਤੀਆਂ ਗਈਆਂ।
ਨਬਾਲਿਗਾ ਨੂੰ ਵਰਗਲਾ ਕੇ ਲੈ ਗਿਆ ਸ਼ਮਸ਼ਾਨਘਾਟ : ਜਾਣਕਾਰੀ ਅਨੁਸਾਰ ਉਕਤ ਪੀੜਤ ਨਾਬਾਲਿਗ ਲੜਗੀ ਇਕ ਕੋਠੀ ਵਿਚ ਸਫਾਈ ਦਾ ਕੰਮ ਕਰਦੀ ਸੀ। ਉਕਤ ਨੌਜਵਾਨ ਉਸ ਲੜਕੀ ਨੂੰ ਵਰਗਲਾ ਕੇ ਸ਼ਮਸ਼ਾਨਘਾਟ ਵਿਖੇ ਲੈ ਗਿਆ ਤੇ ਉਸ ਨਾਲ ਉਥੇ ਜ਼ਬਰ-ਜਨਾਹ ਕਰ ਕੇ ਉਸ ਨੂੰ ਧਮਕੀਆਂ ਦਿੱਤੀਆਂ ਕਿ ਜੇਕਰ ਉਸ ਨੇ ਕਿਸੇ ਨੂੰ ਵੀ ਇਸ ਸਬੰਧੀ ਦੱਸਿਆ ਤਾਂ ਉਹ ਉਸ ਨੂੰ ਜਾਨੋਂ ਮਾਰ ਦੇਵੇਗਾ। ਲੜਕੀ ਜਦੋਂ ਘਰ ਪਰਤੀ ਤਾਂ ਉਸ ਦੇ ਘਰ ਵਾਲਿਆਂ ਵੱਲੋਂ ਉਸ ਨੂੰ ਘਬਰਾਈ ਹੋਈ ਦੇਖ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਉਸ ਨਾਲ ਇਕ ਨੌਜਵਾਨ ਵੱਲੋਂ ਜ਼ਬਰਦਸਤੀ ਕੀਤੀ ਗਈ ਹੈ। ਇਸ ਉਤੇ ਪਰਿਵਾਰ ਵੱਲੋਂ ਸੂਚਨਾ ਥਾਣਾ ਸਰਾਭਾ ਨਗਰ ਵਿਖੇ ਦਿੱਤੀ ਗਈ। ਸੂਚਨਾ ਮਿਲਦਿਆਂ ਹੀ ਪੁੁਲਿਸ ਨੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਤੇ ਕੁਝ ਹੀ ਸਮੇਂ ਵਿਚ ਉਕਤ ਮੁਲਜ਼ਮ ਨੂੰ ਕਾਬੂ ਕਰ ਲਿਆ।