ਲੁਧਿਆਣਾ:ਅਫ਼ਗ਼ਾਨਿਸਤਾਨ (Afghanistan) ਵਿੱਚ ਤਾਲਿਬਾਨ ਦੇ ਕਬਜ਼ਾ ਹੋਣ ਤੋਂ ਬਾਅਦ ਉੱਥੋਂ ਦੇ ਹਾਲਾਤ ਦਿਨ ਪਰ ਦਿਨ ਖ਼ਰਾਬ ਹੁੰਦੇ ਜਾ ਰਹੇ ਹਨ, ਖ਼ਾਸ ਕਰਕੇ ਘੱਟਗਿਣਤੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਸ ਦੌਰਾਨ ਅਫ਼ਗਾਨਿਸਤਾਨ (Afghanistan) ‘ਚ ਰਹਿੰਦੇ ਸਿੱਖ ਅਤੇ ਹਿੰਦੂ ਪਰਿਵਾਰ ਵੀ ਸ਼ਾਮਲ ਹਨ, ਹਾਲਾਂਕਿ ਬੀਤੇ ਕਈ ਸਾਲਾਂ ‘ਚ ਵੱਡੀ ਤਾਦਾਦ ਅੰਦਰ ਹਿੰਦੂ ਅਤੇ ਸਿੱਖ ਪਰਿਵਾਰ ਭਾਰਤ (India) ਪਰਤ ਆਏ ਹਨ, ਪਰ ਹਾਲੇ ਵੀ ਕੁਝ ਪਰਿਵਾਰ ਉੱਥੇ ਹੀ ਫਸੇ ਹੋਏ ਹਨ ਅਤੇ ਹੁਣ ਉਨ੍ਹਾਂ ਦੇ ਆਪਣੇ ਉਨ੍ਹਾਂ ਨੂੰ ਭਾਰਤ ਲਿਆਉਣ ਦੀ ਮੋਦੀ ਸਰਕਾਰ (Modi government) ਨੂੰ ਅਪੀਲ ਕਰ ਰਹੇ ਹਨ। ਅਜਿਹੇ ਹੀ ਕੁਝ ਪਰਿਵਾਰ ਲੁਧਿਆਣਾ ਵਿੱਚ ਰਹਿੰਦੇ ਹਨ, ਜੋ ਆਪਣੇ ਪਰਿਵਾਰਾਂ ਨੂੰ ਅਫ਼ਗਾਨਿਸਤਾਨ (Afghanistan) ਤੋਂ ਭਾਰਤ ਬੁਲਾ ਰਹੇ ਹਨ।
ਇਸ ਮੌਕੇ ਮੀਡੀਆ ਨਾਲ ਗੱਲਬਾਤ ਦੌਰਾਨ ਇਨ੍ਹਾਂ ਪਰਿਵਾਰਾਂ ਨੇ ਕਿਹਾ ਕਿ ਉਨ੍ਹਾਂ ਦੇ ਕੁੱਲ 14 ਮੈਂਬਰ ਉੱਥੇ ਰਹਿ ਰਹੇ ਹਨ। ਜਿਨ੍ਹਾਂ ਦੇ ਹਾਲਾਤ ਕੋਈ ਬਹੁਤੇ ਚੰਗੇ ਨਹੀਂ। ਉਨ੍ਹਾਂ ਮੁਤਾਬਕ ਅਫਗਾਨਿਸਤਾਨ (Afghanistan) ਵਿੱਚ ਰਹਿੰਦੇ ਹਿੰਦੂ ਤੇ ਸਿੱਖਾਂ ਨੂੰ ਤਾਲਿਬਾਨ ਵੱਲੋਂ ਇਸਲਾਮ ਕਬੂਲ ਕਰਨ ਜਾ ਫਿਰ ਦੇਸ਼ ਛੱਡਣ ਦੀ ਧਮਕੀ ਦਿੱਤੀ ਹੈ।
ਇਸ ਮੌਕੇ ਇਨ੍ਹਾਂ ਪਰਿਵਾਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਰਿਵਾਰਿਕ ਮੈਂਬਰ ਉੱਥੇ ਦੇ ਮੰਦਿਰਾਂ ਤੇ ਗੁਰਦੁਆਰਿਆ ਵਿੱਚ ਲੁਕ ਕੇ ਆਪਣਾ ਜੀਵਨ ਬਤੀਤ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਸਮੇਂ ਅਫਗਾਨਿਸਤਾਨ ਵਿੱਚ ਫਸੇ ਹਿੰਦੂ ਤੇ ਸਿੱਖਾਂ ਕੋਲ ਨਾ ਤਾਂ ਖਾਣ ਲਈ ਰੋਟੀ ਹੈ ਅਤੇ ਨਾਲ ਹੀ ਕੋਈ ਮੈਡੀਕਲ ਸਹੂਲਤ ਹੈ।