ਲੁਧਿਆਣਾ: ਬੀਤੀ ਦੇਰ ਰਾਤ ਲੁਧਿਆਣਾ ਦੇ ਮਸ਼ਹੂਰ ਪਵੇਲੀਅਨ ਮਾਲ ਵਿੱਚ ਇੱਕ ਚੱਲ ਰਹੀ ਪਾਰਟੀ ਦੌਰਾਨ ਕੁੱਝ ਵਿਅਕਤੀਆਂ ਵਿਚਾਲੇ ਮਾਮੂਲੀ ਤਕਰਾਰ ਹੋ ਗਈ ਜਿਸ ਦੌਰਾਨ ਗੋਲ਼ੀ ਚੱਲ ਗਈ। ਗੋਲ਼ੀ ਮਨਜੀਤ ਸਿੰਘ ਨਾਅ ਦੇ ਵਿਅਕਤੀ ਨੂੰ ਲੱਗੀ ਜਿਸ ਦੀ ਮੌਤ ਹੋ ਗਈ ਅਤੇ ਇੱਕ ਸੁਮਿਤ ਸੈਣੀ ਨਾਂਅ ਦਾ ਵਿਅਕਤੀ ਹਸਪਤਾਲ ਚ ਜ਼ੇਰੇ ਇਲਾਜ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਜਸਵਿੰਦਰ ਸਿੰਘ ਉਰਫ ਬਿੰਦੀ ਨਾਂਅ ਦੇ ਵਿਅਕਤੀ ਨੂੰ ਕਾਬੂ ਕਰ ਲਿਆ ਹੈ ਜਦ ਕਿ ਬਾਕੀਆਂ ਦੀ ਭਾਲ ਜਾਰੀ ਹੈ।
ਗੁਰੂ ਤੇਗ ਬਹਾਦਰ ਨਗਰ ਦੇ ਰਹਿਣ ਵਾਲੇ ਮਨਜੀਤ ਸਿੰਘ ਨੂੰ ਅਤੇ ਉਸ ਦੇ ਪਰਿਵਾਰ ਨੂੰ ਇਹ ਪਤਾ ਵੀ ਨਹੀਂ ਸੀ ਕਿ ਪਾਰਟੀ ਵਿੱਚ ਸ਼ਾਮਿਲ ਹੋਣ ਗਿਆ ਮਨਜੀਤ ਕਦੇ ਮੁੜ ਕੇ ਹੀ ਨਹੀਂ ਆਵੇਗਾ। ਮ੍ਰਿਤਕ ਦੀ ਪਤਨੀ ਨੇ ਦੱਸਿਆ ਕਿ ਉਸ ਵੇਲੇ ਉਹ ਵੀ ਉੱਥੇ ਹੀ ਮੌਜੂਦ ਸੀ ਅਤੇ ਇੱਕ ਅਣਪਛਾਤੇ ਵਿਅਕਤੀ ਨੇ ਰਿਵਾਲਵਰ ਕੱਢ ਕੇ ਉਸ ਦੇ ਪਤੀ ਤੇ ਗੋਲ਼ੀ ਚਲਾ ਦਿੱਤੀ। ਉਸ ਨੇ ਉਸ ਸ਼ਖਸ ਨੂੰ ਪਹਿਲਾਂ ਕਦੇ ਵੀ ਨਹੀਂ ਵੇਖਿਆ ਸੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜਾਂਚ ਅਧਿਕਾਰੀ ਨੇ ਦੱਸਿਆ ਕਿ ਬੀਤੀ ਦੇਰ ਰਾਤ ਇੱਕ ਜਨਮ ਦਿਨ ਦੀ ਪਾਰਟੀ ਵਿੱਚ ਮਨਜੀਤ ਸਿੰਘ ਆਪਣੀ ਪਤਨੀ ਨਾਲ ਸ਼ਾਮਿਲ ਹੋਣ ਆਇਆ ਸੀ ਅਤੇ ਉਸੇ ਪਾਰਟੀ ਵਿੱਚ ਜਸਵਿੰਦਰ ਸਿੰਘ ਬਿੰਦੀ ਆਪਣੇ ਕੁਝ ਸਾਥੀਆਂ ਸਣੇ ਨੱਚ ਟੱਪ ਰਹੇ ਸਨ। ਅਚਾਨਕ ਇਨ੍ਹਾਂ ਦੀ ਆਪਸ ਵਿੱਚ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋ ਗਈ ਅਤੇ ਜਸਵਿੰਦਰ ਸਿੰਘ ਉਰਫ ਬਿੰਦੀ ਨੇ ਆਪਣੀ ਡੱਬ ਵਿੱਚੋਂ ਰਿਵਾਲਵਰ ਕੱਢ ਕੇ ਮਨਜੀਤ ਸਿੰਘ ਅਤੇ ਸੁਮਿਤ ਸੈਣੀ ਤੇ ਫਾਇਰ ਕਰ ਦਿੱਤਾ।
ਗੋਲ਼ੀ ਮਨਜੀਤ ਸਿੰਘ ਦੀ ਵੱਖੀ ਵਿੱਚ ਅਤੇ ਸੁਮਿਤ ਸੈਣੀ ਦੀ ਲੱਤ ਵਿੱਚ ਲੱਗੀ ਜਿਸ ਤੋਂ ਬਾਅਦ ਮਨਜੀਤ ਸਿੰਘ ਦੀ ਲੁਧਿਆਣਾ ਦੇ ਡੀਐੱਮਸੀ ਹਸਪਤਾਲ ਵਿੱਚ ਮੌਤ ਹੋ ਗਈ ਜਦ ਕਿ ਸੁਮਿਤ ਜ਼ਖ਼ਮੀ ਹਾਲਤ ਵਿੱਚ ਜ਼ੇਰੇ ਇਲਾਜ ਹੈ।
ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਜਸਵਿੰਦਰ ਸਿੰਘ ਉਰਫ ਬਿੰਦੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਦ ਕਿ ਉਸ ਦੇ ਬਾਕੀ ਸਾਥੀਆਂ ਦੀ ਭਾਲ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਛੇਤੀ ਹੀ ਗ੍ਰਿਫ਼ਤਾਰ ਕਰਨ ਦਾ ਵੀ ਦਾਅਵਾ ਕੀਤਾ ਗਿਆ। ਨਾਲ ਹੀ ਪੁਲਿਸ ਨੇ ਇਹ ਵੀ ਕਿਹਾ ਕਿ ਮਾਲ ਵਿੱਚ ਰਿਵਾਲਵਰ ਕਿਵੇਂ ਗਿਆ ਇਸ ਸਬੰਧੀ ਵੀ ਜਾਂਚ ਕੀਤੀ ਜਾਵੇਗੀ।