ਲੁਧਿਆਣਾ: ਪੰਜਾਬ ਸਰਕਾਰ ਵੱਲੋਂ ਲਗਾਤਾਰ ਕਿਸਾਨਾਂ ਨੂੰ ਆਪਣੀ ਕਣਕ ਦੀ ਨਾੜ ਨੂੰ ਅੱਗ ਨਾ ਲਾਉਣ ਦੀ ਅਪੀਲ ਕੀਤੀ ਜਾ ਰਹੀ ਸੀ ਜਿਸ ਦਾ ਨਤੀਜਾ ਅੱਜ ਸਾਹਮਣੇ ਆਇਆ ਜਦੋਂ ਆਪਣੇ ਖੇਤ ਨੂੰ ਅੱਗ ਲਾਉਣ ਦੇ ਸਮੇਂ ਨਾਲ ਬਣੇ ਪਲਾਸਟਿਕ ਦੇ ਗੁਦਾਮ ਨੂੰ ਵੀ ਅੱਗ ਲੱਗ ਗਈ। ਇਸ ਤੋਂ ਬਾਅਦ ਵੇਖਦਿਆਂ ਹੀ ਵੇਖਦਿਆਂ ਗੋਦਾਮ 'ਚ ਪਿਆ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ। ਗੋਦਾਮ ਦੇ ਮਾਲਿਕ ਨੇ ਕਿਸਾਨ ਦੇ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਗੋਦਾਮ ਦੇ ਪ੍ਰਬੰਧਕ ਜਤਿੰਦਰ ਨਾਗਪਾਲ ਨੇ ਦੱਸਿਆ ਕਿ ਸੋਮਵਾਰ ਸ਼ਾਮ ਨੂੰ ਉਨ੍ਹਾਂ ਦੀ ਫੈਕਟਰੀ 'ਚ ਅਚਾਨਕ ਅੱਗ ਲੱਗ ਗਈ ਅਤੇ ਅੱਗ ਕਿਸੇ ਹੋਰ ਨੇ ਨਹੀਂ ਸਗੋਂ ਉਨ੍ਹਾਂ ਦੇ ਗੁਆਂਢ ਪੈਲੀ ਦੇ ਮਾਲਕ ਨੇ ਹੀ ਲਾਈ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਉਹ ਹਰ ਸਾਲ ਖੇਤਾਂ 'ਚ ਅੱਗ ਲਾਉਂਦਾ ਹੈ। ਫੈਕਟਰੀ ਮਾਲਕ ਨੇ ਕਿਹਾ ਕਿ ਉਸ ਦਾ ਲਗਭਗ 40 ਲੱਖ ਦਾ ਨੁਕਸਾਨ ਹੋ ਗਿਆ ਹੈ ਅਤੇ ਇਹ ਸਭ ਕਿਸਾਨ ਵੱਲੋਂ ਜਾਣ-ਬੁੱਝ ਕੇ ਕੀਤਾ ਗਿਆ ਹੈ।