ਹਰਪਾਲ ਚੀਮਾ, ਖ਼ਜ਼ਾਨਾ ਮੰਤਰੀ, ਪੰਜਾਬ ਲੁਧਿਆਣਾ: ਪੰਜਾਬ ਦੇ ਕੈਬਨਿਟ ਅਤੇ ਖ਼ਜ਼ਾਨਾ ਮੰਤਰੀ ਹਰਪਾਲ ਚੀਮਾ ਅੱਜ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਸਪੀਡ ਬ੍ਰਿਡਿੰਗ ਪਲਾਂਟ ਦਾ ਉਦਘਾਟਨ ਕਰਨ ਲਈ ਵਿਸ਼ੇਸ਼ ਤੌਰ ਉੱਤੇ ਪੁੱਜੇ। ਉਦਘਾਟਨ ਮਗਰੋਂ ਉਨ੍ਹਾਂ ਨੇ ਪਲਾਂਟ ਦਾ ਜਾਇਜ਼ਾ ਲਿਆ ਅਤੇ ਮਾਹਿਰ ਡਾਕਟਰਾਂ ਨਾਲ ਗੱਲਬਾਤ ਕੀਤੀ ਕਿ ਕਿਸ ਤਰਾਂ ਇਸ ਪਲਾਂਟ ਦੀ ਮਦਦ ਦੇ ਨਾਲ ਸੂਬੇ ਦੇ ਕਿਸਾਨਾਂ ਨੂੰ ਫਾਇਦਾ ਹੋਵੇਗਾ।
ਖੇਤੀਬਾੜੀ ਵਿਭਾਗ ਦੇ ਮਾਹਿਰਾਂ ਦੀ ਸ਼ਲਾਘਾ:ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਖ਼ਜ਼ਾਨਾ ਮੰਤਰੀ ਨੇ ਕਿਹਾ ਕੇ ਇਸ ਪਲਾਂਟ ਨਾਲ ਇੱਕ ਸਾਲ ਵਿੱਚ ਹੀ ਫਸਲ ਦੀਆਂ ਵੱਖ-ਵੱਖ ਕਿਸਮਾਂ ਦੀ ਪੈਦਾਵਾਰ ਕਿਸਾਨਾਂ ਵੱਲੋਂ ਕੀਤੀ ਜਾ ਸਕਦੀ ਹੈ। ਹਰਪਾਲ ਚੀਮਾ ਨੇ ਪੀਏਯੂ ਦੇ ਵਾਈਸ ਚਾਂਸਲਰ ਅਤੇ ਖੇਤੀਬਾੜੀ ਵਿਭਾਗ ਦੇ ਮਾਹਿਰਾਂ ਦੀ ਸ਼ਲਾਘਾ ਕਰਦਿਆਂ ਆਖਿਆ ਕਿ ਉਨ੍ਹਾਂ ਦੀ ਮਿਹਨਤ ਸਦਕਾ ਹੀ ਪੂਰੇ ਦੇਸ਼ ਦਾ ਇਹ ਪਹਿਲਾਂ ਸਪੀਡ ਬ੍ਰਿਡਿੰਗ ਪਲਾਂਟ ਲੁਧਿਆਣਾ ਵਿੱਚ ਲਗਾਇਆ ਗਿਆ ਹੈ।
ਖੇਤੀਬਾੜੀ ਲਈ ਖ਼ਾਸ ਬਜਟ:ਉਨ੍ਹਾਂ ਖਾਸ ਤੌਰ ਉੱਤੇ ਕਿਹਾ ਕਿ ਇਸ ਪਲਾਂਟ ਰਾਹੀਂ ਉਨ੍ਹਾਂ ਫਸਲਾਂ ਨੂੰ ਵੀ ਦਿਨਾਂ ਵਿੱਚ ਪੈਦਾ ਕੀਤਾ ਜਾ ਸਕੇਗਾ ਜਿਨ੍ਹਾਂ ਨੂੰ ਮਹੀਨੇ ਅਤੇ ਸਾਲ ਲੱਗਦੇ ਸਨ। ਉਨ੍ਹਾਂ ਕਿਹਾ ਕਿ ਇਸ ਨਾਲ ਕਿਸਾਨਾਂ ਨੂੰ ਨਵੀਂ ਕਿਸਮਾਂ ਦਾ ਫਾਇਦਾ ਹੋਵੇਗਾ। ਚੀਮਾ ਨੇ ਅੱਗੇ ਕਿਹਾ ਕਿ ਪੰਜਾਬ ਖੇਤੀਬਾੜੀ ਨਿਰਭਰ ਸੂਬਾ ਹੈ ਇਸ ਕਾਰਣ ਖੇਤੀ ਲਈ ਵਿਸ਼ੇਸ਼ ਤੌਰ ਉੱਤੇ ਬਜਟ ਵੀ ਰੱਖਿਆ ਜਾਵੇਗਾ। ਵਿੱਤ ਮੰਤਰੀ ਨੇ ਕਿਹਾ ਕਿ ਸਾਡੀ ਲਗਾਤਾਰ ਯੂਨੀਵਰਸਿਟੀ ਦੇ ਪ੍ਰਸ਼ਾਸਨ ਨਾਲ ਰਿਸਰਚ ਸਬੰਧੀ ਬੈਠਕ ਹੁੰਦੀ ਰਹਿੰਦੀ ਹੈ, ਜਿਸ ਵੀ ਮਸ਼ੀਨਰੀ ਆਦਿ ਦੀ ਲੋੜ ਹੈ ਉਹ ਮੁਹੱਈਆ ਕਰਵਾਈ ਜਾ ਰਹੀ ਹੈ।
ਵੱਖ-ਵੱਖ ਮੁੱਦਿਆਂ ਉੱਤੇ ਰਾਏ: ਇਸ ਮੌਕੇ ਉਨ੍ਹਾਂ ਅੱਜ INDIA ਗਠਜੋੜ ਉੱਤੇ ਚੱਲ ਰਹੀ ਬੈਠਕ ਬਾਰੇ ਬੋਲਦਿਆਂ ਕਿਹਾ ਕਿ ਅੱਜ ਅਹਿਮ ਬੈਠਕ ਹੈ ਅਤੇ ਹਾਈਕਮਾਨ ਜੋ ਫੈਸਲਾ ਲੇਵੇਗੀ ਉਸ ਉੱਤੇ ਅਮਲ ਹੋਵੇਗਾ। ਇਸ ਮੌਕੇ ਮੰਤਰੀਆਂ ਅਤੇ ਵਿਧਾਇਕਾਂ ਨੂੰ ਨਵੀਆਂ ਗੱਡੀਆਂ ਦੇਣ ਸਬੰਧੀ ਉਨ੍ਹਾਂ ਕਿਹਾ ਕਿ ਲੋੜ ਮੁਤਾਬਿਕ ਹੀ ਉਹ ਗੱਡੀਆਂ ਖਰੀਦੀਆਂ ਗਈਆਂ ਨੇ। ਵਿਧਾਇਕ ਅਮਨ ਅਰੋੜਾ ਦੇ ਝੰਡਾ ਲਹਿਰਾਉਣ ਦੇ ਮਾਮਲੇ ਉੱਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਅਮਨ ਅਰੋੜਾ ਕੋਲ ਫਿਲਹਾਲ ਅਪੀਲ ਕਰਨ ਦਾ ਸਮਾਂ ਹੈ, ਇਸ ਲਈ ਉਹ ਤਿਰੰਗਾ ਲਹਿਰਾ ਰਹੇ ਹਨ। ਹਰਪਾਲ ਚੀਮਾ ਨੇ ਕਿਹਾ ਕਿ ਇਹ ਮਾਮਲਾ ਅਦਾਲਤ ਦੇ ਅਧੀਨ ਹੈ ਇਸ ਕਰਕੇ ਉਹ ਬਹੁਤਾ ਕੁਝ ਨਹੀਂ ਬੋਲ ਸਕਦੇ ਪਰ ਅਮਨ ਅਰੋੜਾ ਕੋਲ ਟਰਮ ਪੂਰੀ ਕਰਨ ਦਾ ਸਮਾਂ ਹੈ।