ਲੁਧਿਆਣਾ: ਦਰੇਸੀ ਇਲਾਕੇ ਵਿੱਚ ਸਥਿਤ ਭਗਵਾਨ ਰਾਮ ਚੈਰੀਟੇਬਲ ਹਸਪਤਾਲ ਵਿੱਚ ਉਸ ਵੇਲੇ ਹੰਗਾਮਾ ਮੱਚ ਗਿਆ, ਜਦੋਂ ਕੋਰੋਨਾ ਪੀੜਤ ਇੱਕ ਮਰੀਜ਼ ਨੇ ਹਸਪਤਾਲ ਦੀ ਪਹਿਲੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ। ਗੰਭੀਰ ਜ਼ਖ਼ਮੀ ਮਰੀਜ਼ ਨੂੰ ਤੁਰੰਤ ਹਸਪਤਾਲ ਦੇ ਸਟਾਫ ਨੇ ਹਸਪਤਾਲ ਲਿਆਂਦਾ, ਪਰ ਉੁਸਦੀ ਹਾਲਤ ਜ਼ਿਆਦਾ ਖਰਾਬ ਹੋਣ ਕਾਰਨ ਸਿਵਲ ਹਸਪਤਾਲ ਰੈਫਰ ਕੀਤਾ ਗਿਆ ਹੈ।
ਕੋਰੋਨਾ ਦਾ ਖੌਫ: ਮਰੀਜ਼ ਨੇ ਹਸਪਤਾਲ ਦੀ ਛੱਤ ਤੋਂ ਮਾਰੀ ਛਾਲ, ਹਾਲਤ ਗੰਭੀਰ ਮੌਕੇ 'ਤੇ ਪ੍ਰਤੱਖਦਰਸ਼ੀਆਂ ਦੇ ਦੱਸਣ ਅਨੁਸਾਰ ਹਸਪਤਾਲ ਦੀ ਪਹਿਲੀ ਮੰਜ਼ਿਲ 'ਤੇ ਇੱਕ ਮਰੀਜ਼ ਸ਼ੀਸ਼ਾ ਤੋੜ ਕੇ ਬਾਹਰ ਨਿਕਲਿਆ। ਉਨ੍ਹਾਂ ਦੱਸਿਆ ਕਿ ਮਰੀਜ਼ ਨੂੰ ਰੋਕਣ ਦੀ ਬਹੁਤ ਕੋਸ਼ਿਸ਼ ਕੀਤੀ ਗਈ, ਪਰ ਉਹ ਨਾ ਰੁਕਿਆ ਅਤੇ ਦੇਖਦੇ ਹੀ ਦੇਖਦੇ ਛਾਲ ਮਾਰ ਦਿੱਤੀ। ਕੋਰੋਨਾ ਪੀੜਤ ਹੋਣ ਕਾਰਨ ਉਨ੍ਹਾਂ ਤੁਰੰਤ ਹਸਪਤਾਲ ਦੇ ਸਟਾਫ ਨੂੰ ਬੁਲਾਇਆ, ਜੋ ਉਸ ਨੂੰ ਹਸਪਤਾਲ ਲੈ ਗਏ।
ਉਧਰ, ਹਸਪਤਾਲ ਦੇ ਡਾ. ਅਰੁਣ ਸ਼ਰਮਾ ਨੇ ਦੱਸਿਆ ਕਿ ਮਰੀਜ਼ ਕੋਰੋਨਾ ਤੋਂ ਪੀੜਤ ਸੀ। ਉਨ੍ਹਾਂ ਕਿਹਾ ਕਿ ਕਈ ਵਾਰ ਦਿਮਾਗੀ ਪ੍ਰੇਸ਼ਾਨੀ ਕਰਕੇ ਵੀ ਮਰੀਜ਼ ਅਜਿਹੇ ਕਦਮ ਚੁੱਕ ਲੈਂਦੇ ਹਨ।
ਡਾ. ਸ਼ਰਮਾ ਨੇ ਦੱਸਿਆ ਕਿ ਛਾਲ ਮਾਰਨ ਕਾਰਨ ਮਰੀਜ਼ ਦੇ ਸਿਰ ਵਿੱਚ ਸੱਟ ਲੱਗੀ ਹੈ ਜਿਸ ਨੂੰ ਸਿਵਲ ਹਸਪਤਾਲ ਰੈਫਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੋ ਮਰੀਜ਼ ਨੂੰ ਲੈ ਕੇ ਗਏ ਸਨ, ਉਨ੍ਹਾਂ ਨੂੰ ਵੀ ਕੋਰੋਨਾ ਜਾਂਚ ਕਰਵਾਉਣ ਦੀ ਸਲਾਹ ਦਿੱਤੀ ਗਈ ਹੈ।
ਹਾਲਾਂਕਿ ਹਸਪਤਾਲ ਸਟਾਫ਼ ਐਤਵਾਰ ਹੋਣ ਦੀ ਗੱਲ ਕਹਿ ਕੇ ਆਪਣੀ ਸਫਾਈ ਦੇ ਰਿਹਾ ਹੈ, ਪਰ ਇੱਥੇ ਵੱਡਾ ਸਵਾਲ ਇਹ ਹੈ ਕਿ ਮਰੀਜ਼ ਕਿਉਂ ਹਸਪਤਾਲ ਤੋਂ ਭੱਜਣਾ ਚਾਹੁੰਦੇ ਹਨ, ਕਿਵੇਂ ਮਰੀਜ਼ ਬਾਹਰ ਆ ਗਿਆ ਅਤੇ ਕਿਉਂ ਉੱਥੇ ਕੋਈ ਸਟਾਫ ਮੌਜੂਦ ਨਹੀਂ ਸੀ? ਇਸ ਤੋਂ ਹਸਪਤਾਲ ਦੀ ਅਣਗਹਿਲੀ ਸਾਹਮਣੇ ਆ ਰਹੀ ਹੈ।