ਸੰਜੂ ਬਾਹਮਣ ਦੇ ਪਿਤਾ ਨੇ ਕਿਹਾ- ਸਾਡੇ ਕਹਿਣੇ ਤੋਂ ਬਾਹਰ ਸੀ ਪੁੱਤ ...ਦਿਖਾਏ ਘਰ ਦੇ ਹਾਲਾਤ ਲੁਧਿਆਣਾ:ਪੁਲਿਸ ਵੱਲੋਂ ਬੀਤੀ ਦੇਰ ਰਾਤ ਵਪਾਰੀ ਨੂੰ ਅਗਵਾ ਕਰਨ ਦੇ ਮਾਮਲੇ ਵਿੱਚ ਦੋ ਬਦਮਾਸ਼ਾਂ ਦਾ ਐਨਕਾਊਂਟਰ ਕਰ ਦਿੱਤਾ ਗਿਆ ਹੈ, ਜਿਨ੍ਹਾਂ ਵਿੱਚੋਂ ਇੱਕ ਸੰਜੀਵ ਕੁਮਾਰ ਉਰਫ ਸੰਜੂ ਬਾਹਮਣ ਸੀ। ਮ੍ਰਿਤਕ ਸੰਜੂ ਦਾ ਪਰਿਵਾਰ ਲੁਧਿਆਣਾ ਵਿੱਚ ਹੀ ਕਾਫੀ ਗੁਰਬਤ ਭਰੇ ਹਾਲਤ ਵਿੱਚ ਰਹਿੰਦਾ ਹੈ। ਸੰਜੀਵ ਦੇ ਪਿਤਾ ਰਾਮ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਬੇਟੇ ਨੂੰ ਕਾਫੀ ਸਾਲ ਪਹਿਲਾਂ ਹੀ ਬੇਦਖਲ ਕਰ ਦਿੱਤਾ ਸੀ, ਕਿਉਂਕਿ ਉਸ ਦੀ ਸੰਗਤ ਬਹੁਤ ਮਾੜੀ ਸੀ।
ਪਿਤਾ ਪੁੱਤ ਦੇ ਐਨਕਾਉਂਟਰ ਤੋਂ ਵੀ ਸੀ ਬੇਖ਼ਬਰ:ਪਿਤਾ ਨੇ ਕਿਹਾ ਕਿ ਮੈਨੂੰ ਇਹ ਨਹੀਂ ਪਤਾ ਕਿ ਪੁਲਿਸ ਨੇ ਉਸ ਦਾ ਐਨਕਾਊਂਟਰ ਕਿਹੜੇ ਮਾਮਲੇ ਵਿੱਚ ਕੀਤਾ ਹੈ ਅਤੇ ਕਿਉਂ ਕੀਤਾ ਹੈ, ਪਰ ਉਹ ਸਾਡੇ ਕਹਿਣੇ ਤੋਂ ਪਹਿਲਾਂ ਹੀ ਬਾਹਰ ਹੋ ਚੁੱਕਾ ਸੀ। ਮੁਲਜ਼ਮ ਦੇ ਪਿਤਾ ਨੇ ਦੱਸਿਆ ਕਿ ਮੇਰੇ ਦੋ ਹੋਰ ਬੇਟੇ ਹਨ, ਹਾਲਾਂਕਿ ਉਹ ਵੀ ਅਲੱਗ ਰਹਿੰਦੇ ਹਨ, ਪਰ ਉਹ ਟੈਕਸੀ ਚਲਾਉਣ ਅਤੇ ਜੈਕਟ ਆਦਿ ਵੇਚਣ ਦਾ ਕੰਮ ਕਰਦੇ ਹਨ। ਪਿਤਾ ਰਾਮ ਕੁਮਾਰ ਨੇ ਕਿਹਾ ਕਿ ਇਸ ਦੀ ਸੰਗਤ ਪਹਿਲਾਂ ਤੋਂ ਹੀ ਕਾਫੀ ਮਾੜੀ ਸੀ ਜਿਸ ਕਰਕੇ ਇਸ ਨੂੰ ਅਸੀਂ ਬੇਦਖਲ ਕਰ ਦਿੱਤਾ ਸੀ।
ਘਰ ਦੇ ਹਾਲਾਤ ਬੇਹਦ ਤਰਸਯੋਗ:ਮ੍ਰਿਤਕ ਸੰਜੂ ਦੇ ਪਿਤਾ ਰਾਮ ਕੁਮਾਰ ਨੇ ਆਪਣੇ ਘਰ ਦੇ ਹਾਲਾਤ ਵੀ ਦਿਖਾਏ, ਜੋ ਕਿ ਕਾਫੀ ਮਾੜੇ ਹਨ। ਘਰ ਦਾ ਲੈਂਟਰ ਟੁੱਟਿਆ ਹੋਇਆ ਹੈ। ਘਰ ਵਿੱਚ ਹਾਲਾਤ ਕਾਫੀ ਮਾੜੇ ਸਨ ਤੇ ਪਰਿਵਾਰ ਗਰੀਬੀ ਤੋਂ ਕਾਫੀ ਜੂਝਦਾ ਵਿਖਾਈ ਦਿੱਤਾ। ਉਨ੍ਹਾਂ ਕਿਹਾ ਕਿ ਸਾਡਾ ਉਸ ਨਾਲ ਕੋਈ ਲੈਣਾ ਦੇਣਾ ਨਹੀਂ, ਅਸੀਂ ਪਹਿਲਾਂ ਹੀ ਕਾਫੀ ਮਾੜੇ ਹਾਲਾਤਾਂ ਵਿੱਚ ਰਹਿ ਰਹੇ ਹਨ।
ਕਬਿਲ-ਏ-ਗੌਰ ਹੈ ਕਿ ਬੀਤੀ ਦੇਰ ਰਾਤ ਲੁਧਿਆਣਾ ਪੁਲਿਸ ਦੀ ਸਪੈਸ਼ਲ ਟੀਮ ਵੱਲੋਂ ਲੁਧਿਆਣਾ ਦੇ ਵਪਾਰੀ ਸ਼ੁਭਮ ਅਗਰਵਾਲ ਨੂੰ ਅਗਵਾ ਕਰਕੇ ਫਿਰੋਤੀ ਮੰਗਣ ਅਤੇ ਉਸ ਨੂੰ ਗੋਲੀ ਮਾਰਨ ਦੇ ਮਾਮਲੇ ਵਿੱਚ ਦੋਰਾਹਾ ਟਿੱਬਾ ਪਿੰਡ ਨੇੜੇ ਦੋ ਬਦਮਾਸ਼ਾਂ ਦਾ ਐਨਕਾਊਂਟਰ ਕਰ ਦਿੱਤਾ, ਜਿਨ੍ਹਾਂ ਵਿੱਚ ਇੱਕ ਸੰਜੀਵ ਕੁਮਾਰ ਉਰਫ ਸੰਜੂ ਬਾਹਮਣ ਵੀ ਸੀ। ਇਸ ਮਾਮਲੇ ਵਿੱਚ ਪੁਲਿਸ ਪਹਿਲਾਂ ਹੀ ਪੰਜ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਚੁੱਕੀ ਸੀ, ਜਦਕਿ ਇਹ ਲਗਾਤਾਰ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਜਾਂਦੇ ਰਹੇ। ਜਦੋਂ ਪੁਲਿਸ ਨੇ ਇਨ੍ਹਾਂ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਕੀਤੀ, ਤਾਂ ਇਹਨਾਂ ਦੋਵਾਂ ਵੱਲੋਂ ਪੁਲਿਸ ਪਾਰਟੀ ਉੱਤੇ ਫਾਇਰਿੰਗ ਕੀਤੀ ਗਈ। ਇਸ ਦੌਰਾਨ ਦੋ ਪੁਲਿਸ ਮੁਲਾਜ਼ਮ ਜ਼ਖਮੀ ਵੀ ਹੋ ਗਏ ਜਿਸ ਤੋਂ ਬਾਅਦ ਪੁਲਿਸ ਨੇ ਜਵਾਬੀ ਕਾਰਵਾਈ ਕਰਦੇ ਹੋਏ ਦੋਵਾਂ ਨੂੰ ਢੇਰ ਕਰ ਦਿੱਤਾ।