ਲੁਧਿਆਣਾ:ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕਿਸਾਨਾਂ ਨੂੰ ਝੋਨਾ ਲੇਟ ਲਾਉਣ ਅਤੇ ਕਣਕ ਦੇ ਸੀਜ਼ਨ ਤੋਂ ਬਾਅਦ ਮੂੰਗੀ ਦੀ ਫਸਲ ਲਾਉਣ ਲਈ ਪ੍ਰੇਰਿਤ ਕੀਤਾ ਸੀ। ਇਸ ਸਬੰਧੀ ਬਕਾਇਦਾ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਨੇ ਕਿਸਾਨਾਂ ਨਾਲ ਵਾਅਦਾ ਕੀਤਾ ਸੀ ਕਿ ਉਨ੍ਹਾਂ ਨੂੰ ਮੂੰਗੀ ਦੀ ਫ਼ਸਲ ਤੇ ਐੱਮਐੱਸਪੀ ਦਿੱਤਾ ਜਾਵੇਗਾ। ਇੰਨਾ ਹੀ ਨਹੀਂ ਬੀਤੇ ਦਿਨੀਂ ਕੇਂਦਰ ਸਰਕਾਰ ਨੇ ਵੀ ਐੱਮ ਐੱਸ ਪੀ ਵਿੱਚ ਵਾਧਾ ਕੀਤਾ ਸੀ ਪਰ ਇਸਦੇ ਬਾਵਜੂਦ ਮੰਡੀਆਂ ਦੇ ਅੰਦਰ ਕਿਸਾਨ ਪਰੇਸ਼ਾਨ ਹਨ ਅਤੇ ਦਾਅਵੇ ਕਰ ਰਹੇ ਹਨ ਕਿ ਉਨ੍ਹਾਂ ਨੂੰ ਐੱਮਐੱਸਪੀ ਦੇ ਮੁਤਾਬਕ ਮੂੰਗੀ ਦਾ ਰੇਟ ਨਹੀਂ ਮਿਲ ਰਿਹਾ।
ਕਿਸਾਨਾਂ ਨੇ ਕੱਢੀ ਭੜਾਸ:ਸਾਡੀ ਟੀਮ ਵੱਲੋਂ ਲੁਧਿਆਣਾ ਦੀ ਜਗਰਾਉਂ ਮੰਡੀ ਦੀ ਵਿੱਚ ਮੂੰਗੀ ਦੀ ਫ਼ਸਲ ਲੈ ਕੇ ਪਹੁੰਚੇ ਕਿਸਾਨਾਂ ਨਾਲ ਗੱਲਬਾਤ ਕੀਤੀ ਗਈ। ਇਸ ਮੌਕੇ ਕਿਸਾਨਾਂਂ ਨੇ ਸਾਫ ਕਿਹਾ ਕਿ ਮੂੰਗੀ ਦੀ ਫ਼ਸਲ ’ਤੇ 7100 ਰੁਪਏ ਦੇ ਕਰੀਬ ਐੱਮਐੱਸਪੀ ਦੇਣ ਦੀ ਗੱਲ ਕੀਤੀ ਸੀ ਪਰ ਮੌਜੂਦਾ ਹਾਲਾਤਾਂ ਵਿੱਚ ਉਨ੍ਹਾਂ ਨੂੰ ਮੰਡੀਆਂ ਦੇ ਅੰਦਰ ਮਹਿਜ਼ 6,000 ਰੁਪਏ ਦੇ ਕਰੀਬ ਹੀ ਰੇਟ ਮਿਲ ਰਿਹਾ ਹੈ।
ਉਨ੍ਹਾਂ ਨੇ ਕਿਹਾ ਕਿ ਮਾਰਕਫੈੱਡ ਵੱਲੋਂ ਮੂੰਗੀ ਦੀ ਫ਼ਸਲ ਦੀ ਖ਼ਰੀਦ ਸ਼ੁਰੂ ਕੀਤੀ ਗਈ ਇਸ ਬਾਰੇ ਤਾਂ ਉਨ੍ਹਾਂ ਨੂੰ ਪਤਾ ਵੀ ਨਹੀਂ ਲੱਗਿਆ। ਕਿਸਾਨਾਂ ਨੇ ਕਿਹਾ ਕਿ ਮੂੰਗੀ ਦੀ ਫ਼ਸਲ ਦੀ ਖ਼ਰੀਦ ਵੀ ਲੇਟ ਸ਼ੁਰੂ ਕੀਤੀ ਗਈ ਇਸ ਸੰਬੰਧੀ ਵੀ ਜਦੋਂ ਉਨ੍ਹਾਂ ਨੇ ਵਿਰੋਧ ਕੀਤਾ ਤਾਂ ਕਿਤੇ ਜਾ ਕੇ ਖਰੀਦ ਸ਼ੁਰੂ ਹੋਈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਜੋ ਉਨ੍ਹਾਂ ਨਾਲ ਵਾਅਦੇ ਕੀਤੇ ਸੀ ਉਹ ਪੂਰੇ ਨਹੀਂ ਹੋਏ। ਉਨ੍ਹਾਂ ਨੇ ਕਿਹਾ ਕਿ ਮੰਡੀਆਂ ’ਚ ਉਨ੍ਹਾਂ ਦੀ ਫ਼ਸਲ ਪਈ ਹੈ।