ਲੁਧਿਆਣਾ: ਰਾਜਸਥਾਨ ਵਿੱਚ ਕਹਿਰ ਮਚਾਉਣ ਵਾਲੀ ਟਿੱਡੀ ਦਲ ਹੁਣ ਪੰਜਾਬ ਵਿੱਚ ਵੀ ਪਹੁੰਚ ਗਈ ਹੈ। ਹੁਣ ਤੱਕ ਪੰਜਾਬ ਦੇ ਮਾਨਸਾ, ਬਠਿੰਡਾ ਤੇ ਫ਼ਾਜ਼ਿਲਕਾ ਦੇ ਕੁਝ ਹੀ ਪਿੰਡਾਂ ਵਿੱਚ ਟਿੱਡੀ ਦਲ ਦੇਖਿਆ ਗਿਆ ਹੈ।
ਦੱਸ ਦਈਏ ਕਿ ਟਿੱਡੀ ਦਲ ਨੇ ਇਸ ਤੋਂ ਪਹਿਲਾਂ 1993 'ਚ ਪੰਜਾਬ 'ਚ ਘੁਸਪੈਠ ਕੀਤੀ ਸੀ, ਜਿਸ ਨਾਲ ਫਸਲਾਂ ਖ਼ਰਾਬ ਹੋ ਗਈਆਂ ਸਨ।
ਲੁਧਿਆਣਾ ਦੇ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਬਲਦੇਵ ਸਿੰਘ ਨੇ ਦੱਸਿਆ ਕਿ ਟਿੱਡੀ ਦਲ ਦਾ ਇਤਿਹਾਸ ਸਦੀਆਂ ਪੁਰਾਣਾ ਹੈ। ਪਹਿਲਾਂ ਚਾਈਨਾ ਵਿੱਚ ਵੀ ਇਹ ਤਬਾਹੀ ਮਚਾ ਚੁੱਕਾ ਹੈ। ਚਾਈਨਾ ਵਿੱਚ ਟਿੱਡੀ ਦਲ ਸਬੰਧੀ ਇੱਕ ਵਿਸ਼ੇਸ਼ ਮੰਤਰੀ ਵੀ ਬਣਾਇਆ ਗਿਆ ਸੀ।
ਉਨ੍ਹਾਂ ਕਿਹਾ ਕਿ ਬਲੋਚਿਸਤਾਨ, ਇਰਾਨ ਅਤੇ ਪਾਕਿਸਤਾਨ ਦੇ ਕੁਝ ਇਲਾਕਿਆਂ ਵਿੱਚ ਟਿੱਡੀ ਦਲ ਦਾ ਗੜ੍ਹ ਹੈ ਉੱਥੋਂ ਦੀ ਹੀ ਇਸ ਦੀ ਸ਼ੁਰੂਆਤ ਹੋਈ ਸੀ। ਉਨ੍ਹਾਂ ਨੇ ਦੱਸਿਆ ਕਿ ਕੈਨੇਡਾ ਅਤੇ ਕੁਝ ਯੂਰਪੀ ਦੇਸ਼ਾਂ ਨੂੰ ਛੱਡ ਕੇ ਲਗਭਗ ਪੂਰੇ ਸੰਸਾਰ ਵਿੱਚ ਟਿੱਡੀ ਦਲ ਦਾ ਕਹਿਰ ਹੈ।
ਇਹ ਵੀ ਪੜ੍ਹੋ: ਸੈਸ਼ਨ ਜੱਜ ਨੇ ਜ਼ਿਲ੍ਹਾ ਜੇਲ੍ਹ ਦਾ ਅਚਨਚੇਤ ਦੌਰਾ ਕਰ ਲਿਆ ਪ੍ਰਬੰਧਾਂ ਦਾ ਜਾਇਜ਼ਾ
ਬਲਦੇਵ ਸਿੰਘ ਨੇ ਕਿਹਾ ਕਿ ਕਿਸਾਨਾਂ ਨੂੰ ਟਿੱਡੀ ਦਲ ਤੋਂ ਕਿਸੇ ਤਰ੍ਹਾਂ ਡਰਨ ਦੀ ਲੋੜ ਨਹੀਂ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਕਈ ਇਲਾਕਿਆਂ ਵਿੱਚ ਟਿੱਡੀ ਦਲ ਬਹੁਤ ਹੀ ਘੱਟ ਗਿਣਤੀ 'ਚ ਦੇਖਣ ਨੂੰ ਮਿਲਿਆ ਹੈ। ਜਿਸ ਲਈ ਖੇਤੀਬਾੜੀ ਮਹਿਕਮਿਆਂ ਵੱਲੋਂ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ ਹੈ ਅਤੇ ਸਮੇਂ-ਸਮੇਂ 'ਤੇ ਇਸ ਦੇ ਨਮੂਨੇ ਲਏ ਜਾ ਰਹੇ ਹਨ। ਪ੍ਰਭਾਵਿਤ ਇਲਾਕਿਆਂ ਦਾ ਇਨ੍ਹਾਂ ਟੀਮਾਂ ਵੱਲੋਂ ਦੌਰਾ ਵੀ ਕੀਤਾ ਜਾ ਰਿਹਾ ਹੈ।