ਲੁਧਿਆਣਾ:ਬੀਬੀਐਮਬੀ ਦੇ ਮਸਲੇ ਨੂੰ ਲੈਕੇ ਪੰਜਾਬ ਦੀਆਂ ਸਿਆਸੀ ਪਾਰਟੀਆਂ ਤੋਂ ਇਲਾਵਾ ਪੰਜਾਬ ਦੇ ਕਿਸਾਨਾਂ ਨੇ ਵੀ ਕੇਂਦਰ ਸਰਕਾਰ ਖਿਲਾਫ਼ ਮੋਰਚਾ ਖੋਲ੍ਹ ਦਿੱਤਾ (state level protest against BBMB issue) ਹੈ। ਲੁਧਿਆਣਾ ਵਿੱਚ ਕਿਸਾਨਾਂ ਵੱਲੋਂ ਕੇਂਦਰ ਵੱਲੋਂ ਬੀਬੀਐਮਬੀ ਨੂੰ ਲੈਕੇ ਲਏ ਗਏ ਫੈਸਲੇ ਖਿਲਾਫ਼ ਸੂਬਾ ਪੱਧਰੀ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਰੋਸ ਮੁਜ਼ਾਹਰੇ ਵਿੱਚ ਵੱਖ ਵੱਖ ਕਿਸਾਨਾਂ ਜਥੇਬੰਦੀਆਂ ਵੱਲੋਂ ਸ਼ਮੂਲੀਅਤ ਕੀਤੀ ਗਈ। ਇਸ ਰੋਸ ਮੁਜ਼ਾਹਰੇ ਵਿੱਚ ਕਿਸਾਨ ਜਥੇਬੰਦੀ ਕਾਦੀਆਂ ਦੇ ਪ੍ਰਧਾਨ ਹਰਮੀਤ ਸਿੰਘ ਕਾਦੀਆਂ ਅਤੇ ਰਾਜੇਵਾਲ ਜਥੇਬੰਦੀ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਪੁੱਜੇ।
ਇਸ ਦੌਰਾਨ ਰਾਜੇਵਾਲ ਨੇ ਕਿਹਾ ਕਿ ਇੱਕ ਨਹੀਂ ਸਗੋਂ ਕਈ ਮੁੱਦੇ ਹਨ ਜਿੰਨਾਂ ਨੂੰ ਲੈਕੇ ਕਿਸਾਨ ਇਕਜੁੱਟ ਹੋਏ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਗੈਰ ਸੰਵਿਧਾਨਿਕ ਢੰਗ ਦੇ ਨਾਲ ਸੂਬਿਆਂ ਦੇ ਅਧਿਕਾਰਾਂ ਨੂੰ ਖੋ ਰਹੀ ਹੈ ਜੋ ਕਿ ਨਹੀਂ ਹੋਣ ਦਿੱਤਾ ਜਾਵੇਗਾ। ਰਾਜੇਵਾਲ ਨੇ ਕਿਹਾ ਕਿ ਖੇਤੀ ਕਨੂੰਨ ਵੀ ਗੈਰ ਸੰਵਿਧਾਨਿਕ ਢੰਗ ਦੇ ਨਾਲ ਪਾਸ ਕੀਤੇ ਗਏ ਸਨ ਜਿਸ ਕਰਕੇ ਕਿਸਾਨਾਂ ਨੇ ਸੰਘਰਸ਼ ਕਰਕੇ ਉਨ੍ਹਾਂ ਨੂੰ ਰੱਦ ਕਰਵਾਇਆ।