ਲੁਧਿਆਣਾ:ਰਾਏਕੋਟ (Raikot) ਦੇ ਪਿੰਡ ਹਲਵਾਰਾ (Village Halwara) ਵਿਖੇ ਖੇਤਾਂ ਵਿੱਚ ਲੱਗੇ ਬਿਜਲੀ ਟਰਾਂਸਫਾਰਮ ਵਿੱਚੋ ਤੇਲ ਕੱਢਦੇ ਦੋ ਚੋਰਾਂ ਨੂੰ ਕਿਸਾਨਾਂ ਵੱਲੋਂ ਫੜਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਏਕਤਾ ਦੇ ਬਲਾਕ ਪ੍ਰਧਾਨ ਜਸਪ੍ਰੀਤ ਸਿੰਘ ਢੱਟ ਨੇ ਦੱਸਿਆ ਕਿ ਬੀਤੀ ਰਾਤ 10-11 ਵਜੇ ਦੇ ਕਰੀਬ ਪਿੰਡ ਹਲਵਾਰਾ ਵਿਖੇ ਲੁਧਿਆਣਾ-ਬਠਿੰਡਾ (Ludhiana-Bathinda) ਰਾਜਮਾਰਗ 'ਤੇ ਤਿੰਨ ਵਿਅਕਤੀਆਂ ਨੇ ਟਰੱਕ ਨਾ ਓਹਲਾ ਕਰਕੇ ਸੜਕ ਕਿਨਾਰੇ ਲੱਗੇ ਬਿਜਲੀ ਸਪਲਾਈ ਵਾਲੇ ਸਰਕਾਰੀ ਟਰਾਂਸਫਾਰਮਰ ਨੂੰ ਭੰਨ ਕੇ ਤੇਲ ਕੱਢ ਰਹੇ ਸਨ, ਜਿਸ ਦੀ ਲਾਗਲੇ ਖੇਤਾਂ ਵਿੱਚ ਝੋਨੇ ਦੀ ਫਸਲ ਨੂੰ ਪਾਣੀ ਲਗਾ ਰਹੇ ਕਿਸਾਨਾਂ ਨੂੰ ਪਤਾ ਲੱਗ ਗਿਆ ਅਤੇ ਉਨ੍ਹਾਂ ਇਸ ਦੀ ਸੂਚਨਾ ਬੀਕੇਯੂ (ਸਿੱਧੂਪੁਰ-ਏਕਤਾ) ਦੇ ਆਗੂਆਂ ਨੂੰ ਦਿੱਤੀ।
ਇਸ ਮੌਕੇ ਵੱਡੀ ਗਿਣਤੀ ਵਿਚ ਕਿਸਾਨ ਘਟਨਾ ਸਥਾਨ ਤੇ ਇਕੱਠੇ ਹੋ ਗਏ।ਕਿਸਾਨਾਂ ਨੂੰ ਇਕੱਠੇ ਹੁੰਦੇ ਦੇਖ ਦੇਖ ਇਕ ਚੋਰ ਟਰੱਕ ਸਮੇਤ ਫਰਾਰ ਹੋ ਗਿਆ ਜਦਕਿ ਦੋ ਚੋਰ ਕਿਸਾਨਾਂ ਦੇ ਹੱਥ ਲੱਗ ਗਏ। ਜਿਨ੍ਹਾਂ ਦੀ ਕਿਸਾਨਾਂ ਨੇ ਕਾਫੀ ਛਿੱਤਰ ਪਰੇਡ ਕੀਤੀ ਅਤੇ ਇਸ ਦੀ ਸੂਚਨਾ ਪੁਲਿਸ ਥਾਣਾ ਸੁਧਾਰ ਵਿਖੇ ਦਿੱਤੀ। ਇਸ ਮੌਕੇ ਬਲਾਕ ਪ੍ਰਧਾਨ ਢੱਟ ਨੇ ਦੱਸਿਆ ਕਿ ਉਕਤ ਚੋਰ ਚੱਲਦੇ ਟਰਾਂਸਫਾਰਮਰ ਦੀ ਘੁੱਗੀ (ਬੁਸ਼) ਨੂੰ ਭੰਨ ਕੇ ਪਾਈਪ ਰਾਹੀਂ ਤੇਲ ਕੱਢ ਰਹੇ ਸਨ।