ਲੁਧਿਆਣਾ: ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਦਿੱਲੀ ਵਿਖੇ ਸੰਘਰਸ਼ ਲਈ ਲਗਾਤਾਰ ਵਹੀਰਾਂ ਘੱਤਦੇ ਜਾ ਰਹੇ ਹਨ। ਸ਼ੁੱਕਰਵਾਰ ਨੂੰ ਵੀ ਕਿਸਾਨ ਵੱਡੀ ਗਿਣਤੀ ਵਿੱਚ ਟਰੈਕਟਰ-ਟਰਾਲੀਆਂ ਰਾਹੀਂ ਰਾਸ਼ਨ ਲਿਜਾਂਦੇ ਹੋਏ ਵਿਖਾਈ ਦਿੱਤੇ। ਕਿਸਾਨ ਸੰਘਰਸ਼ ਉਪਰ ਵੱਖ-ਵੱਖ ਪਾਰਟੀਆਂ ਦੇ ਆਗੂਆਂ ਵੱਲੋਂ ਵੀ ਕੇਂਦਰ ਦੇ ਸਖ਼ਤ ਆਲੋਚਨਾ ਕੀਤੀ ਜਾ ਰਹੀ ਹੈ। ਲੁਧਿਆਣਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਤੇ ਸੀਨੀਅਰ ਆਗੂ ਸ਼ਰਨਜੀਤ ਢਿੱਲੋਂ ਨੇ ਵੀ ਕਿਸਾਨ ਸੰਘਰਸ਼ ਨੂੰ ਲੈ ਕੇ ਈਟੀਵੀ ਭਾਰਤ ਨਾਲ ਗੱਲਬਾਤ ਕੀਤੀ।
ਕਿਸਾਨਾਂ ਦਾ ਅੰਦੋਲਨ ਬਿਲਕੁਲ ਜਾਇਜ਼, ਕੇਂਦਰ ਤੁਰੰਤ ਮੰਗਾਂ ਮੰਨੇ: ਢਿੱਲੋਂ ਢਿੱਲੋਂ ਨੇ ਕਿਹਾ ਕਿ ਕਿਸਾਨ ਅੰਦੋਲਨ ਨੂੰ ਲੈ ਕੇ ਜਾਤ-ਪਾਤ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ ਪਰੰਤੂ ਕੇਂਦਰ ਨੂੰ ਸਮਝਣਾ ਚਾਹੀਦਾ ਹੈ ਕਿ ਇਹ ਕਿਸਾਨਾਂ ਦੀਆਂ ਜਿਹੜੀਆਂ ਮੰਗਾਂ ਹਨ ਉਹ ਬਿਲਕੁਲ ਜਾਇਜ਼ ਹਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਵੈਸੇ ਹੀ ਨਹੀਂ ਐਨਡੀਏ ਨਾਲੋਂ ਨਾਤਾ ਤੋੜਿਆ, ਸਗੋਂ ਐਨਡੀਏ ਤਾਂ ਬਣਾਇਆ ਹੀ ਅਕਾਲੀ ਦਲ ਨੇ ਸੀ।
ਉਨ੍ਹਾਂ ਕਿਹਾ ਕਿ ਕੇਂਦਰ ਦੀ ਭਾਜਪਾ ਦੀ ਅਗਵਾਈ ਵਾਲੀ ਮੋਦੀ ਸਰਕਾਰ ਦੀ ਇਹ ਪਾਲਿਸੀ ਹੈ ਕਿ ਕਿਸਾਨਾਂ ਨੂੰ ਵੱਧ ਤੋਂ ਵੱਧ ਜ਼ਲੀਲ ਕੀਤਾ ਜਾਵੇ ਪਰੰਤੂ ਉਹ ਬਾਇੱਜ਼ਤ ਆਪਣੇ ਹੱਕ ਲੈਣਾ ਚਾਹੁੰਦੇ ਹਨ। ਕੇਂਦਰ ਤੇ ਕਿਸਾਨਾਂ ਵਿਚਕਾਰ ਮੀਟਿੰਗਾਂ ਰੱਦ ਹੋਣ 'ਤੇ ਉਨ੍ਹਾਂ ਕਿਹਾ ਕਿ ਕੇਂਦਰ ਕਿੰਨੀਆਂ ਮੀਟਿੰਗਾਂ ਇਸ ਤਰ੍ਹਾਂ ਕਰਦਾ ਰਹੇਗਾ? ਜੇਕਰ ਇਸ ਤਰ੍ਹਾਂ ਹੀ ਜਾਰੀ ਰਿਹਾ ਤਾਂ ਕਿਸਾਨ ਅਖ਼ੀਰ ਮੀਟਿੰਗਾਂ ਦਾ ਬਾਈਕਾਟ ਕਰਨਗੇ। ਉਨ੍ਹਾਂ ਕਿਹਾ ਕਿ ਅਕਾਲੀ ਦਲ ਆਪਣੇ ਜਥੇ ਵੀ ਕਿਸਾਨ ਅੰਦੋਲਨ ਵਿੱਚ ਭੇਜ ਰਿਹਾ ਹੈ।
ਲਗਾਤਾਰ ਰਾਸ਼ਨ ਲੈ ਕੇ ਦਿੱਲੀ ਜਾ ਰਹੇ ਕਿਸਾਨ
ਕੇਂਦਰ ਸਰਕਾਰ ਵੱਲੋਂ ਖੇਤੀ ਕਨੂੰਨ ਰੱਦ ਕਰਨ ਸਬੰਧੀ ਕੋਈ ਕਦਮ ਨਾ ਚੁੱਕੇ ਜਾਣ ਕਾਰਨ ਕਿਸਾਨਾਂ ਵਿੱਚ ਰੋਸ ਵਧਦਾ ਜਾ ਰਿਹਾ ਹੈ ਅਤੇ ਵੱਖ-ਵੱਖ ਪਿੰਡਾਂ ਤੇ ਸ਼ਹਿਰਾਂ ਤੋਂ ਹੋਰ ਕਿਸਾਨ ਵੀ ਦਿੱਲੀ ਵੱਲ ਕੂਚ ਕਰ ਰਹੇ ਹਨ। ਸ਼ੁੱਕਰਵਾਰ ਨੂੰ ਦਿੱਲੀ ਵੱਲ ਟਰੈਕਟਰ-ਟਰਾਲੀਆਂ ਵਿੱਚ ਰਾਸ਼ਨ ਲੈ ਕੇ ਜਾ ਰਹੇ ਕਿਸਾਨਾਂ ਨੇ ਕਿਹਾ ਕਿ 6 ਮਹੀਨੇ ਦਾ ਰਾਸ਼ਨ ਇਕੱਠਾ ਕਰ ਲਿਆ ਹੈ ਅਤੇ ਹੋਰ ਵੀ ਕਿਸਾਨ ਉਨ੍ਹਾਂ ਦੇ ਪਿੱਛੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਜਿੰਨਾ ਚਿਰ ਕੇਂਦਰ ਦੀ ਮੋਦੀ ਸਰਕਾਰ ਲਾਗੂ ਕੀਤੇ ਖੇਤੀ ਕਾਨੂੰਨ ਵਾਪਸ ਨਹੀਂ ਲੈਂਦੀ ਓਨਾ ਚਿਰ ਸੰਘਰਸ਼ ਜਾਰੀ ਰਹੇਗਾ।