ਲੁਧਿਆਣਾ: ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਭਾਜਪਾ ਦੇ ਲੀਡਰਾਂ ਦਾ ਘਿਰਾਓ ਪੰਜਾਬ ਦੇ ਕਿਸਾਨਾਂ ਵੱਲੋਂ ਲਗਾਤਾਰ ਜਾਰੀ ਹੈ। ਇਸ ਦੇ ਚੱਲਦਿਆਂ ਅੱਜ ਲੁਧਿਆਣਾ ਆਏ ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਦਾ ਕਿਸਾਨਾਂ ਵੱਲੋਂ ਘਿਰਾਓ ਕੀਤਾ ਗਿਆ।
ਅਸ਼ਵਨੀ ਸ਼ਰਮਾ ਅੱਜ ਲੁਧਿਆਣਾ ਵਿਖੇ ਵਿਕਰਮਜੀਤ ਸਿੰਘ ਸੰਧੂ ਨੂੰ ਭਾਜਪਾ ਵਿੱਚ ਸ਼ਾਮਲ ਕਰਵਾਉਣ ਲਈ ਪਹੁੰਚੇ ਸਨ। ਭਾਜਪਾ ਪ੍ਰਧਾਨ ਦੀ ਲੁਧਿਆਣਾ ਫੇਰੀ ਨੂੰ ਲੈ ਕੇ ਕਿਸਾਨਾਂ ਵੱਲੋਂ ਪਹਿਲਾਂ ਹੀ ਤਿਆਰੀ ਕੀਤੀ ਗਈ ਸੀ ਅਤੇ ਜਿਸ ਹੋਟਲ ਵਿੱਚ ਪ੍ਰੋਗਰਾਮ ਰੱਖਿਆ ਗਿਆ, ਉਸ ਦਾ ਕਿਸਾਨਾਂ ਵੱਲੋਂ ਘਿਰਾਓ ਕੀਤਾ ਗਿਆ। ਇਸ ਦੌਰਾਨ ਭਾਰੀ ਪੁਲਿਸ ਫੋਰਸ ਵੀ ਤੈਨਾਤ ਰਹੀ। ਕਿਸਾਨਾਂ ਤੋਂ ਬਾਅਦ ਯੂਥ ਕਾਂਗਰਸ ਦੇ ਆਗੂਆਂ ਵੱਲੋਂ ਵੀ ਹੋਟਲ ਦੇ ਬਾਹਰ ਜੰਮ ਕੇ ਹੰਗਾਮਾ ਕੀਤਾ ਗਿਆ। ਇਸ ਦੌਰਾਨ ਪੁਲਿਸ ਅਤੇ ਕਾਂਗਰਸੀ ਲੀਡਰਾਂ ਵਿਚਾਲੇ ਧੱਕਾਮੁੱਕੀ ਵੀ ਹੋਈ।
ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਦਾ ਕਿਸਾਨਾਂ ਨੇ ਕੀਤਾ ਘਿਰਾਓ ਕਿਸਾਨ ਆਗੂਆਂ ਨੇ ਕਿਹਾ ਕਿ ਭਾਜਪਾ ਪ੍ਰਧਾਨ ਨੂੰ ਉਹ ਦੱਸਣ ਆਏ ਹਨ ਕਿ ਲੋਕਾਂ ਨੂੰ ਝੂਠ ਬੋਲਣਾ ਬੰਦ ਕਰੋ। ਕਿਸਾਨਾਂ ਨੇ ਕਿਹਾ ਕਿ ਜਦੋਂ ਤੱਕ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ, ਉਦੋਂ ਤੱਕ ਉਨ੍ਹਾਂ ਵੱਲੋਂ ਹਰ ਜਗ੍ਹਾ ਭਾਜਪਾ ਦਾ ਘਿਰਾਓ ਕੀਤਾ ਜਾਵੇਗਾ।
ਉੱਥੇ ਹੀ ਯੂਥ ਕਾਂਗਰਸ ਦੇ ਆਗੂਆਂ ਨੇ ਕਿਹਾ ਕਿ ਉਹ ਭਾਜਪਾ ਦੇ ਪ੍ਰਧਾਨ ਦਾ ਮੂੰਹ ਕਾਲਾ ਕਰਨ ਆਏ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਜੋ ਕਿਸਾਨ ਵਿਰੋਧੀ ਕਾਨੂੰਨ ਬਣਾਏ ਗਏ ਹਨ, ਉਹ ਕਿਸੇ ਵੀ ਸੂਰਤ ਬਰਦਾਸ਼ਤ ਨਹੀਂ ਕਰਨਗੇ।
ਅਸ਼ਵਨੀ ਸ਼ਰਮਾ ਨੇ ਕਿਹਾ ਕਿ ਜਦੋਂ ਕਿਸਾਨਾਂ ਵੱਲੋਂ ਗਿੱਦੜਬਾਹਾ ਤੋਂ ਕਾਂਗਰਸ ਵਿਧਾਇਕ ਰਾਜਾ ਵੜਿੰਗ ਦਾ ਘਿਰਾਓ ਕੀਤਾ ਗਿਆ ਤਾਂ ਉਨ੍ਹਾਂ 'ਤੇ ਪਰਚਾ ਦਰਜ ਕਰ ਲਿਆ ਗਿਆ ਹੈ ਅਤੇ ਹੁਣ ਕਾਂਗਰਸ ਇਸ ਮਾਮਲੇ 'ਤੇ ਦੋਹਰੀ ਨੀਤੀ ਅਪਣਾ ਰਹੀ ਹੈ। ਹੁਸ਼ਿਆਰਪੁਰ ਵਿਖੇ ਅਸ਼ਵਨੀ ਸ਼ਰਮਾ 'ਤੇ ਹੋਏ ਹਮਲੇ ਦੀ ਜ਼ਿੰਮੇਵਾਰੀ ਰਵਨੀਤ ਬਿੱਟੂ ਵੱਲੋਂ ਲੈਣ 'ਤੇ ਅਸ਼ਵਨੀ ਸ਼ਰਮਾ ਨੇ ਕਿਹਾ ਕਾਂਗਰਸ ਦੇ ਪ੍ਰਧਾਨ ਅਤੇ ਮੁੱਖ ਮੰਤਰੀ ਨੂੰ ਇਹ ਸਪੱਸ਼ਟ ਕਰਨ ਚਾਹੀਦਾ ਹੈ ਕਿ ਇਹ ਕਾਂਗਰਸ ਦਾ ਅਧਿਕਾਰਕ ਬਿਆਨ ਹੈ।