ਕੁਰੂਕਸ਼ੇਤਰ: ਕਿਸਾਨ ਅੰਦੋਲਨ ਵਿੱਚ ਹਿੱਸਾ ਲੈ ਕੇ ਵਾਪਸ ਆ ਰਹੇ ਲੁਧਿਆਣਾ ਦੇ ਇੱਕ ਕਿਸਾਨ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ, ਜਦਕਿ ਇੱਕ ਕਿਸਾਨ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਜਿਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਦੋਵੇਂ ਕਿਸਾਨ ਦਿੱਲੀ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਵਿਚ ਹਿੱਸਾ ਲੈ ਕੇ ਪੰਜਾਬ ਦੇ ਲੁਧਿਆਣਾ ਵਾਪਸ ਜਾ ਰਹੇ ਸਨ। ਇਸ ਦੌਰਾਨ ਕੁਰੂਕਸ਼ੇਤਰ ਦੇ ਪਿੰਡ ਪ੍ਰਤਾਪਗੜ ਨੇੜੇ ਇੱਕ ਭਾਰੀ ਵਾਹਨ ਨੇ ਓਵਰਟੇਕ ਕਰਦਿਆਂ ਉਨ੍ਹਾਂ ਦੀ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਇਸ ਟੱਕਰ ਨਾਲ ਬਾਈਕ ਸਵਾਰ ਕਿਸਾਨਾਂ ਦਾ ਸੰਤੁਲਨ ਵਿਗੜ ਗਿਆ ਅਤੇ ਦੋਵੇਂ ਸੜਕ 'ਤੇ ਬੁਰੀ ਤਰ੍ਹਾਂ ਡਿੱਗ ਪਏ।
ਸੜਕ 'ਤੇ ਡਿੱਗਦਿਆਂ ਹੀ ਲੁਧਿਆਣਾ ਦੇ 32 ਸਾਲਾ ਕਿਸਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਦੂਜੇ ਕਿਸਾਨ ਨੂੰ ਗੰਭੀਰ ਸੱਟਾਂ ਲੱਗੀਆਂ। ਮ੍ਰਿਤਕ ਅਤੇ ਜ਼ਖਮੀ ਹੋਏ ਕਿਸਾਨ ਨੂੰ ਐਂਬੂਲੈਂਸ ਰਾਹੀਂ ਕੁਰੂਕਸ਼ੇਤਰ ਦੇ ਲੋਕ ਨਾਇਕ ਜੈਪ੍ਰਕਾਸ਼ ਹਸਪਤਾਲ ਲਿਆਂਦਾ ਗਿਆ ਹੈ। ਜਿਥੇ ਜ਼ਖਮੀ ਕਿਸਾਨ ਦਾ ਇਲਾਜ ਕੀਤਾ ਜਾ ਰਿਹਾ ਹੈ।