ਲੁਧਿਆਣਾ: ਰਾਏਕੋਟ ਦੇ ਪਿੰਡ ਜੌਂਹਲਾ ਵਿਖੇ ਖੇਤਾਂ ’ਚ 11 ਕੇਵੀ ਬਿਜਲੀ ਸਪਲਾਈ ਲਾਈਨ ‘ਤੇ ਕੰਮ ਕਰਦੇ ਸਮੇਂ ਕਰੰਟ ਲੱਗਣ ਕਾਰਨ ਪਾਵਰਕਾਮ ਦੇ ਇੱਕ ਕਰਮਚਾਰੀ ਦੀ ਮੌਤ ਹੋ ਗਈ ਸੀ ਜਿਸ ਕਾਰਨ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨੇ ਪਾਵਰਕਾਮ ਅਧਿਕਾਰੀਆਂ ਖਿਲਾਫ਼ ਕਾਨੂੰਨੀ ਕਾਰਵਾਈ, ਮੁਆਵਜ਼ੇ ਅਤੇ ਇੱਕ ਮੈਂਬਰ ਨੂੰ ਨੌਕਰੀ ਦੀ ਮੰਗ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਲੁਧਿਆਣਾ-ਬਠਿੰਡਾ ਰਾਜ ਮਾਰਗ ’ਤੇ ਆਵਾਜਾਈ ਠੱਪ ਕੀਤੀ। ਇਸ ਧਰਨੇ ਵਿੱਚ ਬੀਕੇਯੂ(ਏਕਤਾ) ਡਕੌਂਦਾ, ਸ਼੍ਰੋਮਣੀ ਅਕਾਲੀ ਦਲ(ਬ), ਆਮ ਆਦਮੀ ਪਾਰਟੀ ਸਮੇਤ ਵੱਖ-ਵੱਖ ਸਮਾਜਿਕ ਤੇ ਰਾਜਸੀ ਜੱਥੇਬੰਦੀਆਂ ਵੱਲੋਂ ਸ਼ਮੂਲੀਅਤ ਕੀਤੀ।
ਮ੍ਰਿਤਕ ਦੇ ਪਰਿਵਾਰ ਨੇ ਕੀਤੀ ਮੁਆਵਜ਼ੇ ਦੀ ਮੰਗ
ਇਸ ਦੌਰਾਨ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਪਾਵਰਕਾਮ ਦੇ ਅਧਿਕਾਰੀਆਂ ਵਲੋਂ ਹਾਦਸਾਗ੍ਰਸਤ ਮੁਲਾਜਮਾਂ ਨੂੰ ਅਰਥੋਰਾਈਜ ਕੀਤਾ ਗਿਆ ਸੀ, ਜੋ ਕਿ ਗੈਰ ਕਾਨੂੰਨੀ ਹੈ ਕਿਉਂਕਿ ਸਹਾਇਕ ਲਾਈਨਮੈਨ ਪਾਵਰਕਾਮ ਦੇ ਨਿਯਮਾਂ ਅਨੁਸਾਰ ਸਿਰਫ 7-8 ਫੁੱਟ ਤੱਕ ਹੀ ਕੰਮ ਕਰ ਸਕਦੇ ਹਨ। ਇਸ ਆਰਜ਼ੀ ਮੁਲਾਜਮਾਂ ਤੋਂ ਪਾਵਰਕਾਮ ਅਧਿਕਾਰੀਆਂ ਵੱਲੋਂ ਗੈਰ ਕਾਨੂੰਨੀ ਢੰਗ ਨਾਲ ਕੰਮ ਕਰਵਾਇਆ ਜਾ ਰਿਹਾ ਸੀ। ਇਸ ਮੌਕੇ ਉਨ੍ਹਾਂ ਮੰਗ ਕਰਦਿਆਂ ਕਿਹਾ ਕਿ ਸਹਾਇਕ ਲਾਈਨਮੈਨ ਨੂੰ ਲਾਈਨਮੈਨ ਵਜੋਂ ਕੰਮ ਕਰਨ ਲਈ ਆਰਡਰ ਜਾਰੀ ਕਰਨ ਵਾਲੇ ਤੱਤਕਾਲੀਨ ਐਕਸੀਅਨ, ਮੌਜੂਦਾ ਐਸਡੀਓ, ਜੇਈ ਅਤੇ ਲਾਈਨਮੈਨ ਖਿਲਾਫ਼ ਮੁਕੱਦਮਾ ਦਰਜ ਕੀਤਾ ਜਾਵੇ, ਉਥੇ ਹੀ ਮ੍ਰਿਤਕ ਅਤੇ ਜਖ਼ਮੀ ਕਰਮਚਾਰੀ ਨੂੰ ਪੰਜਾਬ ਸਰਕਾਰ ਵੱਲੋਂ ਐਲਾਨੀ 50 ਲੱਖ ਰੁਪਏ ਦੀ ਰਾਸ਼ੀ ਅਤੇ ਇੱਕ ਪਰਵਾਰਿਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ।