ਲੁਧਿਆਣਾ: ਰਾਏਕੋਟ ਦੇ ਪਿੰਡ ਚੱਕ ਭਾਈਕਾ ਵਿਖੇ ਅੰਤਰਜਾਤੀ ਪ੍ਰੇਮ ਵਿਆਹ ਕਰਵਾਉਣ ਵਾਲੀ ਇੱਕ ਨਵ-ਵਿਆਹੁਤਾ ਦੀ ਭੇਤਭਰੇ ਹਾਲਾਤਾਂ ਵਿੱਚ ਅੱਗ ਲੱਗ ਕੇ ਮੌਤ ਹੋ ਜਾਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ, ਜਦਕਿ ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਨੇ ਸਹੁਰੇ ਪਰਿਵਾਰ ਉੱਪਰ ਉਨ੍ਹਾਂ ਦੀ ਲੜਕੀ ਨੂੰ ਤੇਲ ਪਾ ਕੇ ਸਾੜ ਕੇ ਮਾਰਨ ਦਾ ਦੋਸ਼ ਲਗਾਇਆ ਹੈ, ਦੂਜੇ ਪਾਸੇ ਸਹੁਰੇ ਪਰਿਵਾਰ ਨੇ ਇਨ੍ਹਾਂ ਦੋਸ਼ਾਂ ਦਾ ਖੰਡਨ ਕੀਤਾ।
ਅੱਜ ਮ੍ਰਿਤਕਾ ਦੇ ਸਸਕਾਰ ਮੌਕੇ ਪੇਕੇ ਪਰਿਵਾਰ ਅਤੇ ਪਿੰਡ ਵਾਸੀਆਂ ਨੇ ਭਾਰੀ ਹੰਗਾਮਾ ਕੀਤਾ ਗਿਆ, ਜਿਸ 'ਤੇ ਥਾਣਾ ਹਠੂਰ, ਥਾਣਾ ਸਦਰ ਰਾਏਕੋਟ ਅਤੇ ਥਾਣਾ ਸਿਟੀ ਰਾਏਕੋਟ ਦੀ ਪੁਲਿਸ ਨੇ ਘਟਨਾ ਸਥਾਨ 'ਤੇ ਪਹੁੰਚ ਕੇ ਲੋਕਾਂ ਨੂੰ ਸਾਂਤ ਕੀਤਾ।
ਮ੍ਰਿਤਕਾ ਦੀ ਮਾਤਾ ਅਤੇ ਚਾਚਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪਿੰਡ ਚੱਕ ਭਾਈਕਾ ਦਾ ਵਸਨੀਕ ਭੁਪਿੰਦਰ ਸਿੰਘ ਪੁੱਤਰ ਰਾਜਵਿੰਦਰ ਸਿੰਘ ਨੇ ਉਨ੍ਹਾਂ ਦੀ ਧੀ ਨਾਲ ਕੋਰਟ ਵਿੱਚ ਵਿਆਹ ਕਰਵਾਇਆ ਸੀ ਅਤੇ ਡੇਢ ਸਾਲ ਤੋਂ ਸਹੁਰਾ ਪਰਿਵਾਰ ਵਿਆਹੁਤਾ ਨੂੰ ਪ੍ਰੇਸ਼ਾਨ ਕਰਦਾ ਆ ਰਿਹਾ ਸੀ। 23 ਨਵੰਬਰ ਨੂੰ ਕਥਿਤ ਤੌਰ 'ਤੇ ਉਸ ਦੇ ਸਹੁਰਾ ਪਰਿਵਾਰ ਨੇ ਉਨ੍ਹਾਂ ਦੀ ਲੜਕੀ ਨੂੰ ਪੈਟਰੋਲ ਪਾ ਕੇ ਅੱਗ ਲਗਾ ਕੇ ਸਾੜ ਦਿੱਤਾ ਹੈ, ਜਿਸ ਦੀ ਚੰਡੀਗੜ੍ਹ ਹਸਪਤਾਲ ਵਿੱਚ 27 ਨਵੰਬਰ ਨੂੰ ਮੌਤ ਹੋ ਗਈ ਹੈ। ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਨੇ ਉਸ ਦੇ ਸਹੁਰੇ ਪਰਿਵਾਰ ਉੱਪਰ ਸਖ਼ਤ ਕਾਰਵਾਈ ਕਰ ਕੇ ਉਨ੍ਹਾਂ ਨੂੰ ਇਨਸਾਫ਼ ਦਿਵਾਉਣ ਦੀ ਮੰਗ ਕੀਤੀ ਹੈ।