ਮਰਨ ਵਾਲੀ ਅਧਿਆਪਿਕਾ ਦੀ ਹੋਈ ਪਛਾਣ ਲੁਧਿਆਣਾ:ਲੁਧਿਆਣਾ ਦੇ ਬੱਦੋਵਾਲ ਵਿਖੇ ਉਸ ਸਮੇਂ ਵੱਡਾ ਹਾਦਸਾ ਵਾਪਰ ਗਿਆ ਜਦੋਂ ਸਰਕਾਰੀ ਸਕੂਲ ਬੱਦੋਵਾਲ ਦੇ ਸਟਾਫ ਰੂਮ ਦਾ ਲੈਂਟਰ ਡਿੱਗ ਗਿਆ। ਦੱਸਿਆ ਜਾ ਰਿਹਾ ਕਿ ਲੈਂਟਰ ਦੀ ਮੁਰੰਮਤ ਦਾ ਕੰਮ ਚੱਲ ਰਿਹਾ ਸੀ ਉਸ ਵੇਲੇ ਇਹ ਵੱਡਾ ਹਾਦਸਾ ਵਾਪਰਿਆ। ਇਸ ਹਾਦਸੇ ਵਿੱਚ ਚਾਰ ਮਹਿਲਾ ਅਧਿਆਪਕਾਂ ਮਲਬੇ ਹੇਠ ਦਬੀਆਂ ਸਨ ਜਿਨ੍ਹਾਂ ਵਿੱਚ ਇੱਕ ਦੀ ਮੌਤ ਹੋ ਗਈ ਹੈ। ਮੌਤ ਸਬੰਧੀ ਟਵੀਟ ਕਰਕੇ ਖੁੱਦ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਪੁਸ਼ਟੀ ਕੀਤੀ ਹੈ।
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੱਦੋਵਾਲ (ਜ਼ਿਲ੍ਹਾ ਲੁਧਿਆਣਾ) ਤੋਂ ਬਹੁਤ ਹੀ ਦੁਖਦਾਈ ਸੂਚਨਾ ਮਿਲੀ ਹੈ ਕਿ ਸਕੂਲ਼ ਬਿਲਡਿੰਗ ਦੀ ਉਸਾਰੀ ਦੌਰਾਨ ਲੈਂਟਰ ਡਿੱਗਣ ਕਰਕੇ ਚਾਰ ਅਧਿਆਪਕ ਮਲਬੇ ਹੇਠ ਦੱਬੇ ਗਏ ਜਿੰਨਾਂ ਵਿੱਚੋਂ ਇੱਕ ਅਧਿਆਪਕ ਦੀ ਮੌਤ ਹੋਣ ਬਾਰੇ ਪਤਾ ਲੱਗਿਆ ਹੈ। ਮੈਂ ਸਿੱਖਿਆ ਵਿਭਾਗ ਦੇ ਸਾਰੇ ਅਫਸਰਾਂ ਅਤੇ ਜ਼ਿਲਾ ਪ੍ਰਸਾਸ਼ਨ ਲੁਧਿਆਣਾ ਨੂੰ ਤੁਰੰਤ ਹਰ ਸੰਭਵ ਸਹਾਇਤਾ ਪਹੁੰਚਾਉਣ ਬਾਰੇ ਕਹਿ ਦਿੱਤਾ ਹੈ। ਮੈਂ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਵਿੱਛੜੀ ਰੂਹ ਦੀ ਆਤਮਿਕ ਸ਼ਾਂਤੀ ਅਤੇ ਪਿੱਛੇ ਸਾਰੇ ਪਰਿਵਾਰ ਨੂੰ ਇਹ ਅਤੀ ਦੁਖਦਾਈ ਭਾਣਾ ਮੰਨਣ ਦੀ ਤਾਕਤ ਬਖਸ਼ਣ ਦੀ ਅਰਦਾਸ ਕਰਦਾ ਹਾਂ।..ਹਰਜੋਤ ਬੈਂਸ, ਸਿੱਖਆ ਮੰਤਰੀ,ਪੰਜਾਬ
ਮਰਨ ਵਾਲੀ ਅਧਿਆਪਿਕਾ ਦੀ ਹੋਈ ਪਛਾਣ:ਲੁਧਿਆਣਾ ਦੇ ਬੱਦੋਵਾਲ ਦੇ ਸਕੂਲ ਦੇ ਵਿੱਚ ਲੈਂਟਰ ਡਿੱਗਣ ਕਾਰਨ ਰਵਿੰਦਰ ਕੌਰ ਨਾਂ ਦੀ ਇਕ ਅਧਿਆਪਿਕਾ ਦੀ ਮੌਤ ਹੋ ਗਈ ਹੈ, ਜਿਨ੍ਹਾਂ ਨੂੰ ਹਾਦਸੇ ਵਾਲੀ ਥਾਂ ਤੋਂ ਕੱਢਣ ਤੋਂ ਬਾਅਦ ਲੁਧਿਆਣਾ ਦੇ ਮੈਡੀਸਿਟੀ ਹਸਪਤਾਲ ਵਿੱਚ ਲਿਆਂਦਾ ਗਿਆ ਸੀ, ਜਿੱਥੇ ਉਨ੍ਹਾਂ ਦੀ ਮੌਤ ਹੋ ਗਈ ਹੈ। ਜਦਕਿ ਬਾਕੀ ਦੋ ਅਧਿਆਪਕਾਂ ਦਾ ਇਲਾਜ ਮੈਡੀਸਿਟੀ ਹਸਪਤਾਲ ਵਿੱਚ ਚੱਲ ਰਿਹਾ ਹੈ। ਇੱਕ ਹੋਰ ਅਧਿਆਪਕ ਨੂੰ ਡੀਐਮਸੀ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ ਹੈ। ਬਾਕੀ ਅਧਿਆਪਕਾਂ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।
ਐਸਡੀਐਮ ਪੱਛਮੀ ਹਰਜਿੰਦਰ ਸਿੰਘ ਨੇ ਮੌਤ ਦੀ ਪੁਸ਼ਟੀ ਕੀਤੀ ਹੈ। ਉਹਨਾਂ ਕਿਹਾ ਹੈ ਕਿ ਪੂਰੇ ਮਾਮਲੇ ਦੀ ਜਾਂਚ ਕੀਤੀ ਜਾਵੇਗੀ। ਦੂਜੇ ਪਾਸੇ ਜਿਸ ਸਕੂਲ ਤੋਂ ਬਦਲੀ ਹੋ ਕੇ ਅਧਿਆਪਕ ਬੱਦੋਵਾਲ ਆਈ ਸੀ, ਉਸ ਸਕੂਲ ਦੇ ਪ੍ਰਿੰਸੀਪਲ ਨੇ ਵੀ ਦੁੱਖ ਜਾਹਿਰ ਕਰਦਿਆਂ ਕਿਹਾ ਇਹ ਬਹੁਤ ਹੀ ਮੰਦਭਾਗੀ ਘਟਨਾ ਹੈ। ਉਨ੍ਹਾ ਕਿਹਾ ਕਿ ਅਸੀਂ ਪੂਰੇ ਮਾਮਲੇ ਦੀ ਜਾਂਚ ਕਰਨਗੇ, ਜੇਕਰ ਕੋਈ ਵੀ ਦੋਸ਼ੀ ਪਾਇਆ ਜਾਂਦਾ ਹੈ, ਤਾਂ ਉਸ ਦੇ ਖ਼ਿਲਾਫ਼ ਸਖ਼ਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ।ਮ੍ਰਿਤਕ ਰਵਿੰਦਰ ਕੌਰ ਲੁਧਿਆਣਾ ਦੀ ਹੀ ਰਹਿਣ ਵਾਲੀ ਹੈ ਅਤੇ ਕੁਝ ਸਮਾਂ ਪਹਿਲਾਂ ਹੀ ਉਨ੍ਹਾਂ ਦੀ ਬਦਲੀ ਕੀਤੀ ਗਈ ਸੀ। ਉਨ੍ਹਾਂ ਦੇ ਪਤੀ ਆਪਣਾ ਇਕ ਇੰਸਟੀਚਿਊਟ ਚਲਾਉਂਦੇ ਹਨ। ਇਸ ਤੋਂ ਇਲਾਵਾ ਰਵਿੰਦਰ ਕੌਰ ਦਾ ਇਕ ਬੇਟਾ ਵੀ ਹੀ ਜੋ ਕਿ ਬਾਰਵੀਂ ਜਮਾਤ ਦੇ ਵਿੱਚ ਪੜਦਾ ਹੈ।
ਸਕੂਲ ਦੀ ਛੱਤ ਡਿੱਗਣ ਕਾਰਣ ਦਬੀ ਇੱਕ ਅਧਿਆਪਕ ਦੀ ਮੌਤ
ਇੱਕ ਮਹਿਲਾ ਅਧਿਆਪਕ ਦੀ ਹਾਲਤ ਗੰਭੀਰ: ਮਲਬੇ ਹੇਠ ਦਬੀਆਂ ਮਹਿਲਾ ਅਧਿਆਪਕਾਂ ਨੂੰ ਬਾਹਰ ਤਾਂ ਕੱਢ ਲਿਆ ਗਿਆ ਪਰ ਇਨ੍ਹਾਂ ਵਿੱਚੋਂ ਜਿੱਥੇ ਤਿੰਨ ਮਹਿਲਾ ਅਧਿਆਪਕਾਂ ਨੂੰ ਜ਼ਿਆਦਾ ਗੰਭੀਰ ਸੱਟਾਂ ਨਹੀਂ ਨੇ ਉੱਥੇ ਹੀ ਇੱਕ ਮਹਿਲਾ ਅਧਿਆਪਕ ਦੀ ਮੌਤ ਹੋ ਗਈ। ਹਾਦਸਾ ਵਾਪਰਨ ਤੋਂ ਬਾਅਦ ਮੌਕੇ ਉੱਤੇ ਪਹੁੰਚੇ ਸਥਾਨਕ ਡਿਪਟੀ ਕਮਿਸ਼ਨਰ ਸੁਰਭੀ ਮਲਿਕ ਨੇ ਕਿਹਾ ਹੈ ਕਿ ਸਕੂਲ ਵਿੱਚ ਸਟਾਫ਼ ਰੂਮ ਦੀ ਛੱਤ ਦੀ ਮੁਰੰਮਤ ਦਾ ਕੰਮ ਚੱਲ ਰਿਹਾ ਸੀ ਅਤੇ ਇਸ ਦੌਰਾਨ ਕਿਸੇ ਕਾਰਣ ਲੈਂਟਰ ਡਿੱਗ ਗਿਆ ਅਤੇ ਸਟਾਫ ਰੂਮ ਵਿੱਚ ਮੌਜੂਦ ਮਹਿਲਾ ਅਧਿਆਪਕ ਇਸ ਦੇ ਮਬਲੇ ਹੇਠ ਦਬ ਗਈਆਂ। ਉਨ੍ਹਾਂ ਕਿਹਾ ਕਿ ਇਸ ਹਾਦਸੇ ਦਾ ਵਾਪਰਨ ਦਾ ਅਸਲ ਵਿੱਚ ਕੀ ਕਾਰਣ ਸੀ ਇਹ ਫਿਲਹਾਲ ਜਾਂਚ ਦਾ ਵਿਸ਼ਾ ਹੈ।
ਪਿੰਡ ਵਾਸੀਆਂ ਨੇ ਦੱਸੀ ਅਸਲ ਸਚਾਈ: ਮਦਦ ਲਈ ਪਹੁੰਚੇ ਸਥਾਨਕਵਾਸੀਆਂ ਦਾ ਕਹਿਣਾ ਹੈ ਕਿ ਪਿੰਡ ਬੱਦੋਵਾਲ ਦੇ ਗੁਰੂਘਰ ਵਿੱਚ ਅਨਾਊਂਸਮੈਂਟ ਹੋਈ ਜਿਸ ਨੂੰ ਸੁਣ ਕੇ ਉਹ ਸਕੂਲ ਵਿੱਚ ਮਦਦ ਲਈ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਮਲਬੇ ਨੂੰ ਹਟਾਇਆ ਅਤੇ ਮਹਿਲਾ ਅਧਿਆਪਕਾਂ ਨੂੰ ਇਸ ਮਲਬੇ ਹੇਠ ਤੋਂ ਬਾਹਰ ਕੱਢਿਆ। ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ ਹੈ। ਦੱਸ ਦਈਏ ਹਾਦਸਾ ਵਾਪਰਨ ਤੋਂ ਕੁੱਝ ਸਮਾਂ ਪਹਿਲਾਂ ਹੀ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਬੱਚਿਆਂ ਦੀ ਸੁਰੱਖਿਆ ਦਾ ਹਵਾਲਾ ਦਿੰਦਿਆਂ ਸੂਬੇ ਦੇ ਸਾਰੇ ਸਕੂਲਾਂ ਵਿੱਚ ਛੁੱਟੀਆਂ ਦਾ ਐਲਾਨ ਵੀ ਕੀਤਾ ਸੀ। ਇਹ ਐਲਾਨ ਸੂਬੇ ਵਿੱਚ ਹੋ ਰਹੀ ਭਾਰੀ ਬਰਸਾਤ ਦੇ ਮੱਦੇਨਜ਼ਰ ਕੀਤਾ ਗਿਆ ਸੀ।