ਲੁਧਿਆਣਾ:ਜ਼ਿਲ੍ਹੇ ਦੀ ਕਚਹਿਰੀ ਵਿੱਚ ਬਣੇ ਪੁਰਾਣੇ ਮਾਲ ਖ਼ਾਨੇ ਵਿਚ ਅੱਜ ਸਵੇਰੇ ਧਮਾਕੇ ਦੀ ਆਵਾਜ਼ ਸੁਣਨ ਤੋਂ ਬਾਅਦ ਲੋਕਾਂ ਦੇ ਵਿਚ ਹਫੜਾ-ਦਫੜੀ ਦਾ ਮਾਹੌਲ ਪੈਦਾ ਹੋ ਗਿਆ। ਇਸ ਤੋਂ ਬਾਅਦ ਮੌਕੇ ਉੱਤੇ ਪੁਲਿਸ ਪ੍ਰਸ਼ਾਸਨ ਪੁੱਜਿਆ। ਮੌਕੇ ਉੱਤੇ ਬੰਬ ਵਿਰੋਧੀ ਦਸਤੇ ਨੂੰ ਸੱਦਿਆ ਗਿਆ ਹੈ। ਮਾਲ ਗੋਦਾਮ ਦੀ ਜਾਂਚ ਕੀਤੀ ਜਾ ਰਹੀ ਹੈ। ਮੁੱਢਲੀ ਜਾਂਚ ਵਿੱਚ ਪਤਾ ਲੱਗਾ ਹੈ ਕਿ ਸਵੇਰੇ ਜਦੋਂ ਸਫਾਈ ਕਰਮਚਾਰੀ ਸਫਾਈ ਕਰਨ ਲਈ ਪਹੁੰਚੇ, ਤਾਂ ਉਸ ਵੇਲੇ ਬੋਤਲ ਦੇ ਵਿੱਚ ਧਮਾਕਾ ਹੋਇਆ ਹੈ ਜਿਸ ਕਾਰਨ ਬੋਤਲ ਦੇ ਕੁਝ ਟੁਕੜੇ ਸਫ਼ਾਈ ਕਰਮਚਾਰੀ ਨੂੰ ਵੀ ਆ ਕੇ ਲੱਗੇ ਹਨ ਜਿਸ ਕਾਰਨ ਉਹ ਜ਼ਖਮੀ ਹੋਇਆ ਹੈ। ਉਸ ਨੂੰ ਹਸਪਤਾਲ ਭੇਜ ਦਿੱਤਾ ਗਿਆ ਹੈ।
ਇਹ ਕੋਈ ਵੱਡਾ ਧਮਾਕਾ ਨਹੀਂ, ਬੋਤਲ 'ਚ ਹੋਇਆ ਧਮਾਕਾ:ਸੀਨੀਅਰ ਪੁਲਿਸ ਜਗਰੂਪ ਕੌਰ ਬਾਠ ਨੇ ਦੱਸਿਆ ਕਿ ਅਸੀਂ ਫਿਰ ਵੀ ਮਾਲ ਖ਼ਾਨੇ ਦੀ ਵੀ ਸਫਾਈ ਕਰਵਾ ਰਹੇ ਹਨ। ਉਥੇ ਹੀ ਉਨ੍ਹਾਂ ਕਿਹਾ ਕਿ ਇਹਤਿਆਤ ਦੇ ਤੌਰ ਉੱਤੇ ਪੁਲਿਸ ਵੱਲੋਂ ਬੰਬ ਵਿਰੋਧੀ ਦਸਤੇ ਨੂੰ ਸੱਦਿਆ ਗਿਆ ਹੈ। ਉਨ੍ਹਾਂ ਕਿਹਾ ਕਿ ਅੱਜ ਸਵੇਰੇ ਜਦੋਂ ਸਫਾਈ ਕਰਮਚਾਰੀ ਸਫਾਈ ਕਰਨ ਲਈ ਆਏ, ਤਾਂ ਉਨ੍ਹਾਂ ਵੱਲੋਂ ਕੂੜੇ ਨੂੰ ਅੱਗ ਲਗਾ ਦਿੱਤੀ ਗਈ ਜਿਸ ਕਾਰਨ ਬੋਤਲ ਵਿੱਚ ਧਮਾਕਾ ਹੋਇਆ। ਉਨ੍ਹਾਂ ਕਿਹਾ ਕਿ ਘਬਰਾਉਣ ਵਾਲੀ ਕੋਈ ਗੱਲ ਨਹੀਂ ਹੈ, ਧਮਾਕਾ ਬਹੁਤ ਘੱਟ ਤੀਬਰਤਾ ਵਾਲਾ ਸੀ। ਇਸ ਨੂੰ ਕਿਸੇ ਵੱਡੀ ਘਟਨਾ ਨਾਲ ਜੋੜ ਕੇ ਨਾ ਵੇਖਿਆ ਜਾਵੇ ਅਤੇ ਕਿਸੇ ਵੀ ਤਰ੍ਹਾਂ ਦੀ ਅਫਵਾਹ ਵਾਲੀ ਖ਼ਬਰ ਨਾ ਫੈਲਾਈ ਜਾਵੇ। ਜਗਰੂਪ ਕੌਰ ਬਾਠ ਨੇ ਕਿਹਾ ਕਿ ਸਾਡੇ ਵੱਲੋਂ ਗੁਦਾਮ ਨੂੰ ਖਾਲੀ ਕਰਵਾਇਆ ਜਾ ਰਿਹਾ ਹੈ।