ਲੁਧਿਆਣਾ : ਵਿਧਾਨ ਸਭਾ ਹਲਕਾ ਗਿੱਲ ਤੋਂ ਸਾਬਕਾ ਕਾਂਗਰਸੀ ਐਮਐਲਏ ਕੁਲਦੀਪ ਸਿੰਘ ਵੈਦ 'ਤੇ ਵਿਜੀਲੈਂਸ ਵੱਲੋਂ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਸਾਬਕਾ ਵਿਧਾਇਕ ਨੂੰ ਵਿਜੀਲੈਂਸ ਵੱਲੋਂ ਲਗਾਤਾਰ ਜਾਇਦਾਦ ਸਬੰਧੀ ਦਸਤਾਵੇਜਾਂ ਦੇ ਲਈ ਦਫ਼ਤਰ ਸੱਦਿਆ ਜਾ ਰਿਹਾ ਹੈ। ਇਸ ਮਾਮਲੇ ਨੂੰ ਲੈ ਕੇ ਅੱਜ ਤੀਜੀ ਵਾਰ ਸਾਬਕਾ ਵਿਧਾਇਕ ਵਿਜੀਲੈਂਸ ਦਫ਼ਤਰ ਪੇਸ਼ ਹੋਏ। ਜਿੱਥੇ ਉਹਨਾਂ ਵੱਲੋਂ ਦਸਤਾਵੇਜ਼ ਪੇਸ਼ ਕੀਤੇ ਗਏ ਉਨ੍ਹਾਂ ਨੂੰ ਵਿਜੀਲੈਂਸ ਵੱਲੋਂ ਨਾਕਾਫੀ ਦੱਸਿਆ ਗਿਆ ਅਤੇ ਮੁੜ ਤੋਂ 26 ਅਪ੍ਰੈਲ ਨੂੰ ਸੱਦਿਆ ਗਿਆ ਹੈ।
ਲੋੜੀਦੇ ਕਾਗਜ਼ ਨਹੀਂ ਪੂਰੇ: ਵਿਜੀਲੈਂਸ ਦੇ ਐਸਐਸਪੀ ਆਰਪੀਆਰ ਸੰਧੂ ਵੱਲੋਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਹੈ ਕਿ ਹੈ ਜਾਇਦਾਦ ਦੇ ਮਾਮਲੇ ਤੇ ਮੁਕੱਦਮਾ ਦਰਜ ਕੀਤਾ ਗਿਆ ਸੀ। ਉਸ ਮਾਮਲੇ ਦੇ ਵਿੱਚ ਅੱਜ ਕੁਲਦੀਪ ਵੈਦ ਸਾਬਕਾ ਵਿਧਾਇਕ ਨੇ ਕੁਝ ਦਸਤਾਵੇਜ਼ ਵਿਜੀਲੈਂਸ ਦੇ ਅੱਗੇ ਰੱਖੇ ਹਨ ਪਰ ਉਹ ਪੂਰੇ ਨਹੀਂ ਹਨ। ਜਿਸ ਕਰਕੇ 26 ਅਪ੍ਰੈਲ ਬੁੱਧਵਾਰ ਨੂੰ ਮੁੜ ਤੋਂ ਸਾਬਕਾ ਵਿਧਾਇਕ ਨੂੰ ਸੱਦਿਆ ਗਿਆ ਹੈ ਉਨ੍ਹਾਂ ਕਿਹਾ ਕਿ ਅਸੀਂ ਮਾਮਲੇ ਦੀ ਤਫਤੀਸ਼ ਕਰ ਰਹੇ ਹਾਂ ਅਤੇ ਲੋੜੀਂਦੇ ਦਸਤਾਵੇਜ਼ ਪੂਰੇ ਕਰਨ ਤੋਂ ਬਾਅਦ ਅਗਲੇਰੀ ਕਾਰਵਾਈ ਕੀਤੀ ਜਾਵੇਗੀ।