ਲੁਧਿਆਣਾ: ਕੋਰੋਨਾ ਮਹਾਂਮਾਰੀ ਦੇ ਸ਼ੁਰੂਆਤੀ ਦਿਨਾਂ ਵਿੱਚ ਪੰਜਾਬ ਦੇ ਸਾਰੇ ਉਦਯੋਗਾਂ ਦਾ ਬੁਰਾ ਹੋ ਗਿਆ ਸੀ, ਜਿਸ ਦਾ ਅਸਰ ਹੁਣ ਵੀ ਜਾਰੀ ਹੈ। ਲੁਧਿਆਣਾ ਦੀ ਸਾਇਕਲ ਇੰਡਸਟਰੀ ਨੂੰ ਕੋਰੋਨਾ ਦਰਮਿਆਨ ਭਾਵੇਂ ਹੁੰਗਾਰਾ ਮਿਲਿਆ, ਪਰ ਲੁਧਿਆਣਾ ਦੀ ਹੌਜ਼ਰੀ ਅਤੇ ਟੈਕਸਟਾਇਲ ਇੰਡਸਟਰੀ ਨੂੰ ਘਾਟਾ ਸਹਿਣਾ ਪੈ ਰਿਹਾ ਹੈ। ਟੈਕਸਟਾਇਲ ਇੰਡਸਟਰੀ ਨੂੰ ਪੈ ਰਹੇ ਘਾਟੇ ਨੂੰ ਲੈ ਕੇ ਈਟੀਵੀ ਭਾਰਤ ਵੱਲੋਂ ਇੰਡਸਟਰੀ ਦੇ ਮਾਲਕ ਨਾਲ ਖ਼ਾਸ ਗੱਲਬਾਤ ਕੀਤੀ ਗਈ।
ਸਰਕਾਰ ਦੇ ਪੂਰੇ ਕੀਤੇ ਆਰਡਰ
ਲੁਧਿਆਣਾ ਤੋਂ ਇੱਕ ਟੈਕਸਟਾਇਲ ਇੰਡਸਟਰੀ ਦੇ ਮਾਲਕ ਅਖਿਲ ਮਲਹੋਤਰਾ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਕੋਰੋਨਾ ਮਹਾਂਮਾਰੀ ਦਰਮਿਆਨ ਪਹਿਲਾਂ ਤਾਂ ਉਨ੍ਹਾਂ ਦਾ ਕੰਮਕਾਰ ਬੰਦ ਰਿਹਾ, ਪਰ ਬਾਅਦ ਵਿੱਚ ਸਰਕਾਰ ਵੱਲੋਂ ਨੋਟੀਫ਼ਿਕੇਸ਼ਨ ਆਈ ਕਿ ਉਹ ਕੰਮਕਾਰ ਸ਼ੁਰੂ ਕਰਨ ਅਤੇ ਆਰਡਰਾਂ ਨੂੰ ਪੂਰਾ ਕਰਨ।
ਸਾਡਾ ਕੋਈ ਰੂਟੀਨ ਕਾਰੋਬਾਰ ਨਹੀਂ ਚੱਲ ਰਿਹਾ
ਅਖਿਲ ਮਲਹੋਤਰਾ ਨੇ ਦੱਸਿਆ ਕਿ ਕੋਰੋਨਾ ਦਰਮਿਆਨ ਭਾਵੇਂ ਸਾਰੇ ਆਰਡਰ ਤਾਂ ਪੂਰੇ ਕਰ ਦਿੱਤੇ ਹਨ, ਪਰ ਫ਼ਿਰ ਵੀ ਕੋਈ ਰੂਟੀਨ ਕਾਰੋਬਾਰ ਬਿਲਕੁਲ ਵੀ ਨਹੀਂ ਚੱਲ ਰਿਹਾ ਹੈ। ਇੰਡਸਟਰੀ ਸਿਰਫ਼ 35 ਫ਼ੀਸਦ ਉੱਤੇ ਹੀ ਕੰਮ ਕਰ ਰਹੀ ਹੈ ਅਤੇ ਇੰਡਸਟਰੀ ਨੂੰ ਭਾਰੀ ਘਾਟਾ ਪੈ ਰਿਹਾ ਹੈ।