ਲੁਧਿਆਣਾ: ਬੁੱਢਾ ਨਾਲਾ ਨਾ ਸਿਰਫ ਆਮ ਲੋਕਾਂ ਦੀ ਸਿਹਤ ਨੂੰ ਨੁਕਸਾਨ ਪੰਹੁਚਾ ਰਿਹੈ ਸਗੋਂ ਜਾਨਵਰਾਂ ਨੂੰ ਵੀ ਬੀਮਾਰੀਆਂ ਵੰਡ ਰਿਹਾ ਹੈ। ਇਸਦੀ ਗੰਦਗੀ ਦਾ ਸਭ ਤੋਂ ਵੱਧ ਅਸਰ ਦੁਧਾਰੂ ਪਸ਼ੂਆਂ 'ਤੇ ਵੇਖਣ ਨੂੰ ਮਿਲ ਰਿਹੈ। ਬੁੱਢੇ ਨਾਲੇ ਦੇ ਕੰਢੇ ਚਰਨ ਵਾਲੇ ਜਾਨਵਰ ਅਤੇ ਬੁੱਢੇ ਨਾਲੇ ਦਾ ਪਾਣੀ ਪੀਣ ਵਾਲੇ ਦੁਧਾਰੂ ਜਾਨਵਰਾਂ 'ਚ ਕਈ ਤਰ੍ਹਾਂ ਦੀਆਂ ਬੀਮਾਰੀਆਂ ਪਾਈਆਂ ਗਈਆਂ ਹਨ ਅਤੇ ਉਨ੍ਹਾਂ ਦੇ ਖੂਨ ਵਿੱਚ ਮੈਟਲ ਅਤੇ ਲੈੱਡ ਦੀ ਮਾਤਰਾ ਵੀ ਵੱਧ ਹੈ ਜੋ ਦੁੱਧ ਨੂੰ ਖ਼ਰਾਬ ਰਹੀ ਹੈ।
ਗੁਰੂ ਅੰਗਦ ਦੇਵ ਵੈਟਨਰੀ ਐਂਡ ਐਨੀਮਲ ਸਾਇੰਸ ਯੂਨੀਵਰਸਿਟੀ ਦੇ ਡਾਕਟਰਾਂ ਨੇ ਬੁੱਢੇ ਨਾਲੇ ਦੇ ਕੰਡੇ ਵੱਸਦੇ ਪਸ਼ੂਆਂ 'ਤੇ ਜਦੋਂ ਰਿਸਰਚ ਕੀਤੀ ਤਾਂ ਹੈਰਾਨ ਕਰਨ ਵਾਲੇ ਤੱਥ ਸਾਹਮਣੇ ਆਏ। ਇਸ ਬਾਰੇ ਜਾਣਕਾਰੀ ਦਿੰਦਿਆਂ ਗਡਵਾਸੂ ਦੀ ਸੀਨੀਅਰ ਡਾਕਟਰ ਸੁਸ਼ਮਾ ਛਾਬੜਾ ਨੇ ਦੱਸਿਆ ਕਿ ਇਸ ਖੋਜ ਦੌਰਾਨ ਬੁੱਢੇ ਨਾਲੇ ਨੂੰ ਤਿੰਨ ਜ਼ੋਨਾਂ 'ਚ ਵੰਡ ਕੇ ਸੈਂਪਲ ਲਏ ਗਏ, ਜਿਸ ਵਿੱਚ ਇਹ ਖੁਲਾਸਾ ਹੋਇਆ ਕਿ ਬੁੱਢਾ ਨਾਲਾ ਜਿੱਥੋਂ ਸ਼ੁਰੂ ਹੁੰਦਾ ਹੈ ਉੱਥੇ ਤਾਂ ਜਾਨਵਰ ਠੀਕ ਨੇ ਪਰ ਜਦੋਂ ਲੁਧਿਆਣਾ 'ਚੋਂ ਲੰਘਦਾ ਹੈ ਉਸ ਥਾਂ ਦੇ ਪਸ਼ੂਆਂ ਦੇ ਖੂਨ ਵਿੱਚ ਮੈਟਲ ਅਤੇ ਲੈੱਡ ਦੀ ਵੱਧ ਮਾਤਰਾ ਪਾਈ ਗਈ, ਜਿਸ ਕਾਰਨ ਦੁਧਾਰੂ ਜਾਨਵਰ ਕਈ ਤਰ੍ਹਾਂ ਦੀਆਂ ਬੀਮਾਰੀਆਂ ਦਾ ਸ਼ਿਕਾਰ ਹੋ ਰਹੇ ਨੇ।