ਲੁਧਿਆਣਾ: ਪੰਜਾਬ ਵਿੱਚ ਪੀਣ ਵਾਲੇ ਪਾਣੀ ਦੀ ਸਮਸਿਆ ਜੱਗ ਜ਼ਾਹਿਰ ਹੈ। ਭਾਵੇਂ ਪਟਿਆਲਾ ਦਾ ਘੱਘਰ ਦਰਿਆ ਹੋਵੇ ਜਾਂ ਲੁਧਿਆਣਾ ਦਾ ਬੱਢਾ ਨਾਲਾ, ਇਹ ਇਸ ਕਦਰ ਪ੍ਰਦੂਸ਼ਿਤ ਹੋ ਚੁੱਕੇ ਹਨ ਕਿਕਈ ਵਾਰ ਲਗਦਾ ਹੈ ਕਿ ਇਸ ਗੰਦਗੀ ਤੋਂ ਕਦੇ ਵੀ ਨਿਜਾਤ ਨਹੀਂ ਮਿਲੇਗੀ।
ਈਟੀਵੀ ਭਾਰਤ ਜ਼ਿੰਮੇਵਾਰ ਪੱਤਰਕਾਰੀ ਕਰਨ ਦੇ ਰਾਹੇ ਚਲਦਿਆਂ, ਇਸ ਗੰਦੇ ਨਾਲੇ ਦੇ ਕਿਨਾਰੇ ਪੈਂਦੇ ਪਿੰਡਾਂ ਦੀ ਵਿਗੜ੍ਹੀ ਜ਼ਿੰਦਗੀ ਦੀ ਨਾ ਸਿਰਫ਼ ਸਾਰ ਲਵੇਗਾ, ਸਗੋਂ ਨਾਲ ਹੀ ਉਨ੍ਹਾਂ ਮੁਸ਼ਕਿਲਾਂ ਨੂੰ ਖੜ੍ਹਾ ਕਰਨ ਦੇ ਲਈ ਜ਼ਿੰਮੇਵਾਰਾਂ ਨੂੰ ਉਜਾਗਰ ਕਰਨ ਦੀ ਪੂਰੀ ਕੋਸ਼ਿਸ਼ ਕਰੇਗਾ। ਈਟੀਵੀ ਭਾਰਤ ਦੀ ਇਹ ਵੀ ਕੋਸ਼ਿਸ਼ ਰਹੇਗੀ ਕਿ ਸਰਕਾਰਾਂ ਕੋਲ ਵੱਡੇ ਪੱਧਰ 'ਤੇ ਅਵਾਜ਼ ਨੂੰ ਬੁਲੰਦ ਕੀਤਾ ਜਾ ਸਕੇ ਤਾਂ ਜੋ ਸਰਕਾਰਾਂ ਵੱਡੇ ਫ਼ੈਸਲੇ ਲੈਣ ਲਈ ਆਪਣਾ ਮਨ ਪੱਕਾ ਕਰਨਯੋਗ ਹੋ ਸਕਣ।
35 ਕਿਲੋਮੀਟਰ ਦੂਰ ਪਿੰਡ ਕੂੰਮ ਕਲਾਂ ਤੋਂ ਸ਼ੁਰੂ ਹੁੰਦਾ ਹੈ ਬੁੱਢਾ ਨਾਲਾ। ਮਾਛੀਵਾੜਾ ਤੇ ਚਰਨਕੰਵਲ ਤੋਂ ਪਾਣੀ ਦੀਆਂ ਡਰੇਨਾਂ ਇਕੱਠੀਆਂ ਹੋ ਕੇ ਕੂੰਮ ਕਲਾਂ ਆ ਕੇ ਬੁੱਢਾ ਨਾਲਾ ਬਣਾਉਂਦੀਆਂ ਹਨ। ਪਿੰਡਵਾਸੀਆਂ ਦਾ ਕਹਿਣਾ ਹੈ ਕਿ ਕਿਸੇ ਵੇਲੇ ਬੁੱਢੇ ਨਾਲੇ ਦਾ ਪਾਣੀ ਪੀਣ ਲਈ ਵੀ ਵਰਤਿਆ ਜਾਂਦਾ ਸੀ।