ਲੁਧਿਆਣਾ:ਜ਼ਿਲ੍ਹਾ ਲੁਧਿਆਣਾ ਦੇ ਗਿਆਸਪੁਰਾ ਇਲਾਕੇ ਵਿੱਚ ਅੱਜ ਐਤਵਾਰ ਸਵੇਰੇ ਉਸ ਵੇਲੇ ਹਫੜਾ-ਤਫੜੀ ਮੱਚ ਗਈ, ਜਦੋਂ ਨੇੜੇ ਵੇਰਕਾ ਬੂਥ 'ਤੇ ਗੈਸ ਲੀਕ ਹੋਣ ਨਾਲ 11 ਲੋਕਾਂ ਦੀ ਮੌਤ ਹੋਣ ਦੀ ਖ਼ਬਰ ਮਿਲੀ। ਜਾਣਕਾਰੀ ਅਨੁਸਾਰ ਦੱਸ ਦਈਏ ਕਿ ਇਸ ਹਾਦਸੇ ਵਿੱਚ ਇੱਕ ਅਣਜਾਣ ਪੁਰਸ਼ (25) ਵੀ ਸ਼ਾਮਿਲ ਹੈ, ਜਿਸ ਦੀ ਹਾਲੇ ਤੱਕ ਸ਼ਨਾਖਤ ਨਹੀਂ ਹੋ ਪਾਈ ਹੈ। ਉਸ ਦੀ ਵੀ ਇਸ ਹਾਦਸੇ ਵਿਚ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਉਸ ਦੁਕਾਨ ਤੋਂ ਸਮਾਨ ਲੈਣ ਆਇਆ ਸੀ, ਜਿਸ ਵੇਲੇ ਗੈਸ ਲੀਕ ਹੋਈ। ਉਹ ਵੀ ਗੈਸ ਦੀ ਲਪੇਟ ਵਿਚ ਆ ਗਿਆ, ਉਸ ਦੀ ਸ਼ਨਾਖਤ ਨਹੀਂ ਹੋ ਪਾਈ ਹੈ। ਸਾਰੇ ਮ੍ਰਿਤਕਾਂ ਨੂੰ ਸਿਵਲ ਹਸਪਤਾਲ ਦੀ ਮੌਰਚਰੀ ਵਿਚ ਰੱਖਿਆ ਗਿਆ ਹੈ ਅਤੇ ਉਨ੍ਹਾਂ ਦਾ ਹੁਣ ਵੀਡੀਓਗ੍ਰਾਫੀ ਦੇ ਹੇਠ ਪੋਸਟ ਮਾਰਟਮ ਕਰਵਾਇਆ ਜਾਵੇਗਾ ਅਤੇ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਵੀ ਅਹਿਮ ਖੁਲਾਸੇ ਹੋ ਸਕਦੇ ਹਨ ਕਿ ਕਿਸ ਤਰ੍ਹਾਂ ਇਨ੍ਹਾਂ ਲੋਕਾਂ ਦੀ ਮੌਤ ਹੋ ਗਈ।
ਪੂਰੇ ਪਰਿਵਾਰ ਦੇ 5 ਮੈਂਬਰਾਂ ਦੀ ਮੌਤ:- ਗਿਆਸਪੁਰਾ ਗੈਸ ਲੀਕ ਮਾਮਲੇ ਵਿੱਚ 11 ਵਿੱਚੋਂ 10 ਲੋਕ 3 ਵੱਖ-ਵੱਖ ਪਰਿਵਾਰਾਂ ਨਾਲ ਸਬੰਧਿਤ ਸਨ, ਜਿਨ੍ਹਾਂ ਵਿੱਚ ਕਵੀਲਾਸ਼ ਪੁੱਤਰ ਚਲਕ ਦੇਵ ਯਾਦਵ ਵਾਸੀ ਸੂਆ ਰੋਡ ਗਿਆਸਪੁਰਾ ਆਰਤੀ ਕਲੀਨਿਕ ਚਲਾ ਰਿਹਾ ਸੀ। ਉਸਦੀ ਪਤਨੀ ਵਰਸ਼ਾ (35) ਅਤੇ ਤਿੰਨ ਬੱਚਿਆਂ ਵਿੱਚ ਕਲਪਨਾ (16) ਅਭੈ (13) ਅਤੇ ਆਰੀਅਨ (10) ਸਨ, ਪੂਰੇ ਪਰਿਵਾਰ ਦੇ 5 ਮੈਂਬਰਾਂ ਦੀ ਮੌਤ ਹੋ ਗਈ ਹੈ। ਮੂਲ ਰੂਪ ਇਹ ਸਾਰੇ ਬਿਹਾਰ ਦੇ ਰਹਿਣ ਵਾਲੇ ਸਨ, ਪਰ ਪਿਛਲੇ 30 ਸਾਲਾਂ ਤੋਂ ਪੰਜਾਬ ਵਿੱਚ ਆ ਕੇ ਵਸੇ ਹੋਏ ਹਨ।