ਲੁਧਿਆਣਾ: ਬਿਜਲੀ ਵਿਭਾਗ ਨੇ ਵੀਰਵਾਰ ਨੂੰ ਸਰਕਾਰੀ ਵਿਭਾਗਾਂ ਅਤੇ ਪੁਲਿਸ ਥਾਣਿਆਂ ਦੇ ਬਿੱਲ ਦੀ ਅਦਾਇਗੀ ਨਾ ਕਰਨ ਨੂੰ ਲੈ ਕੇ ਸਖ਼ਤ ਕਾਰਵਾਈ ਕੀਤੀ ਹੈ। ਵਿਭਾਗ ਵੱਲੋਂ ਕਈ ਸਰਕਾਰੀ ਵਿਭਾਗਾਂ ਦੇ ਕੁਨੈਕਸ਼ਨ ਕੱਟ ਦਿੱਤੇ ਗਏ ਹਨ, ਜਿਨ੍ਹਾਂ 'ਚ ਪੁਲਿਸ ਵਿਭਾਗ ਵੀ ਸ਼ਾਮਿਲ ਹੈ। ਲੁਧਿਆਣਾ ਜ਼ੋਨ ਦੇ ਪੁਲਿਸ ਵਿਭਾਗ ਦਾ ਲਗਭਗ 7 ਕਰੋੜ 3 ਲੱਖ ਰੁਪਏ ਦੇ ਬਿੱਲ ਬਕਾਇਆ ਹਨ ਜਿਸ ਵਿੱਚ ਵਿਜੀਲੈਂਸ ਲੁਧਿਆਣਾ ਜੇਲ੍ਹ ਅਤੇ ਪੁਲਿਸ ਸਟੇਸ਼ਨ ਸ਼ਾਮਿਲ ਹਨ।
ਦੱਸ ਦਈਏ ਕਿ ਬਿਜਲੀ ਦੇ ਬਿੱਲ ਨਾ ਭਰਨ ਕਰਕੇ ਲੁਧਿਆਣਾ ਦੇ ਪੁਲਿਸ ਸਟੇਸ਼ਨ ਡਿਵੀਜ਼ਨ ਨੰਬਰ 2 ਦੀ ਵੀ ਬਿਜਲੀ ਕੱਟ ਦਿੱਤੀ ਗਈ ਹੈ। ਉਥੋਂ ਦੇ ਮੁਲਾਜ਼ਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਥਾਣੇ ਵਿੱਚ ਬਿਜਲੀ ਕੱਟਣ ਨਾਲ ਕੰਮ ਠੱਪ ਹੋ ਚੁੱਕਿਆ ਹੈ। ਉਨ੍ਹਾਂ ਦੱਸਿਆ ਕਿ ਕੰਪਿਊਟਰ ਬੰਦ ਹੋਣ ਕਰਕੇ ਥਾਣੇ ਦਾ ਸਾਰਾ ਕੰਮ ਬੰਦ ਹੋ ਚੁੱਕਾ ਹੈ।