ਲੁਧਿਆਣਾ: ਹਰ ਇਨਸਾਨ ਆਪਣੇ ਗ੍ਰਹਿਸਤ ਜੀਵਨ ਦੌਰਾਨ ਇੱਕ ਪੁੱਤ ਦੀ ਇੱਛਾ ਜ਼ਰੂਰ ਕਰਦਾ ਹੈ, ਜੋ ਕਿ ਬੁਢਾਪੇ ਵੇਲੇ ਉਨ੍ਹਾਂ ਦਾ ਸਹਾਰਾ ਬਣੇ ਅਤੇ ਉਨ੍ਹਾਂ ਦੀ ਸਾਂਭ ਕਰੇ। ਪਰ ਜੇ ਉਹੀ ਪੁੱਤ ਮਾਂ ਨੂੰ ਇਸ ਦੁਨੀਆ 'ਚ ਛੱਡ ਅਕਾਲ ਚਲਾਣਾ ਕਰ ਜਾਣ ਤਾਂ ਕੌਣ ਬਣੇਗਾ ਉਸ ਮਾਂ ਦਾ ਸਹਾਰਾ।
ਬਜ਼ੁਰਗ ਮਹਿਲਾ ਠੋਕਰਾਂ ਖਾਣ ਲਈ ਮਜਬੂਰ, ਚਾਰ ਨੂੰਹਾਂ ਅਤੇ ਧੀ ਨੇ ਕੱਢਿਆ ਘਰੋਂ ਬਾਹਰ ਅਜਿਹਾ ਹੀ ਇੱਕ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਹੈ ਜਿੱਥੇ ਕਰੀਬ 80 ਸਾਲਾਂ ਤੋਂ ਵਧੇਰੇ ਉਮਰ ਦੀ ਇੱਕ ਬਜ਼ੁਰਗ ਮਹਿਲਾ ਅੱਜ ਦਰ-ਦਰ ਦੀਆਂ ਠੋਕਰਾਂ ਖਾਣ ਨੂੰ ਮਜ਼ਬੂਰ ਹੈ। ਪਰ ਇਸ ਬਜ਼ੁਰਗ ਦਾ ਸਹਾਰਾ ਇੱਕ ਅਜਿਹੀ ਔਰਤ ਬਣੀ ਹੈ ਜਿਸ ਦਾ ਨਾਂ ਤਾਂ ਉਸ ਬਜ਼ੁਰਗ ਨਾਲ ਕੋਈ ਖ਼ੂਨ ਦਾ ਰਿਸ਼ਤਾ ਹੈ ਅਤੇ ਨਾ ਹੀ ਧਰਮ ਦਾ। ਇਹ ਮਹਿਲਾ ਦਿਨ ਰਾਤ ਇਸ ਬਜ਼ੁਰਗ ਔਰਤ ਦੀ ਸੇਵਾ ਕਰਦੀ ਹੈ ਜਿਸ ਨੂੰ ਉਹ ਇੱਕ ਮੰਦਿਰ ਦੇ ਬਾਹਰ ਮਿਲੀ ਸੀ।
ਬਜ਼ੁਰਗ ਮਹਿਲਾ ਦੇ ਚਾਰ ਮੁੰਡੇ ਸਨ ਜਿਨ੍ਹਾਂ ਦੀ ਮੌਤ ਹੋ ਚੁੱਕੀ ਹੈ ਅਤੇ ਉਸ ਦੀਆਂ ਨੂੰਹਾਂ ਸਮੇਤ ਉਸ ਦੀ ਬੇਟੀ ਵੀ ਵਿਧਵਾ ਹੈ। ਨੂੰਹਾਂ ਨੇ ਆਪਣੀ ਸੱਸ ਨੂੰ ਘਰੋ ਬਾਹਰ ਕੱਢ ਦਿੱਤਾ ਜਿਸ ਕਰਕੇ ਇਹ ਮਹਿਲਾ ਬੇਘਰ ਹੋ ਗਈ। ਬਜ਼ੁਰਗ ਮਹਿਲਾ ਦੀ ਸਾਂਭ ਸੰਭਾਲ ਕਰਨ ਵਾਲੀ ਰਾਜ ਨੇ ਦੱਸਿਆ ਕਿ ਉਨ੍ਹਾਂ ਨੂੰ ਇਹ ਬਜ਼ੁਰਗ ਮੰਦਰ ਦੇ ਬਾਹਰ ਮਿਲੀ ਸੀ ਅਤੇ ਉਨ੍ਹਾਂ ਸੋਚਿਆ ਕਿ ਇਸ ਦੀ ਸੇਵਾ ਕੀਤੀ ਜਾਵੇ ਕਿਉਂਕਿ ਬੁਢਾਪਾ ਤਾਂ ਸਾਰਿਆਂ 'ਤੇ ਆਉਣਾ ਹੈ।
ਰਾਜ ਨੇ ਦੱਸਿਆ ਕਿ ਇਸ ਬਜ਼ੁਰਗ ਮਹਿਲਾ ਦੇ ਚਾਰ ਪੁੱਤਰ ਸਨ ਚਾਰਾਂ ਦੀ ਮੌਤ ਹੋ ਚੁੱਕੀ ਹੈ ਜਦੋਂ ਕਿ ਇੱਕ ਕੁੜੀ ਜੋ ਕਿ ਵਿਧਵਾ ਹੈ ਪਰ ਉਸ ਨੇ ਵੀ ਆਪਣੀ ਮਾਂ ਨੂੰ ਨਹੀਂ ਸਾਂਭਿਆ। ਰਾਜ ਨੇ ਕਿਹਾ ਉਹ ਵੀ ਜ਼ਿਆਦਾਤਰ ਬਿਮਾਰ ਹੀ ਰਹਿੰਦੇ ਹਨ ਜਿਸ ਕਾਰਨ ਉਹ ਸਰਕਾਰ ਨੂੰ ਅਪੀਲ ਕਰਦੇ ਹਨ ਕਿ ਇਸ ਮਹਿਲਾ ਨੂੰ ਕਿਸੇ ਆਸ਼ਰਮ 'ਚ ਸਹਾਰਾ ਦਿੱਤਾ ਜਾਵੇ ਤਾਂ ਜੋ ਇਸ ਦਾ ਬੁਢਾਪਾ ਆਸਾਨੀ ਨਾਲ ਕੱਟਿਆ ਜਾ ਸਕੇ।