ਲੁਧਿਆਣਾ:ਕੋਰੋਨਾ ਮਹਾਂਮਾਰੀ (corona epidemic) ਤੋਂ ਬਾਅਦ ਤਿੰਨ ਸਾਲ ਬਾਅਦ ਆਖਿਰਕਾਰ ਸੂਬੇ ਦੇ ਮੈਰੀਟੋਰੀਅਸ ਸਕੂਲਾਂ (Meritorious School) ਦੀ ਸ਼ੁਰੂਆਤ ਹੋਈ ਹੈ। ਇਸ ਨੂੰ ਲੈ ਕੇ ਮੈਰੀਟੋਰੀਅਸ ਸਕੂਲਾਂ ਵਿੱਚ ਤਿਆਰੀਆਂ ਮੁਕੰਮਲ ਹੋ ਗਈਆਂ ਹਨ ਅਤੇ ਜਲਦ ਹੀ ਕਲਾਸਾਂ ਸ਼ੁਰੂ ਹੋ ਜਾਣਗੀਆਂ। ਕੋਰੋਨਾ ਤੋਂ ਬਾਅਦ ਪੰਜਾਬ ਦੇ 10 ਮੈਰੀਟੋਰੀਅਸ ਸਕੂਲਾਂ ਦੇ ਲਈ ਦਾਖਲਾ ਪ੍ਰਕਿਰਿਆ ਸਬੰਧੀ ਪ੍ਰੀਖਿਆ ਲਈ ਗਈ ਸੀ। ਜਿਸ ਤੋਂ ਬਾਅਦ 18000 ਵਿਦਿਆਰਥੀਆਂ ਨੇ ਅਰਜ਼ੀਆਂ ਦਿੱਤੀਆਂ ਅਤੇ 6800 ਵਿਦਿਆਰਥੀ ਇਸ ਵਿੱਚ ਪਾਸ ਹੋਏ, ਜਿਨ੍ਹਾਂ ਨੂੰ ਪੰਜਾਬ ਭਰ ਦੇ ਮੈਰੀਟੋਰੀਅਸ ਸਕੂਲਾਂ ਵਿੱਚ ਦਾਖਲਾ ਮਿਲ ਰਿਹਾ ਹੈ। ਪੰਜਾਬ ਦੇ ਬਠਿੰਡਾ ਪਟਿਆਲਾ ਅਤੇ ਲੁਧਿਆਣਾ ਦੇ ਮੈਰੀਟੋਰੀਅਸ ਸਕੂਲਾਂ ਵਿੱਚ ਸਾਰੀਆਂ ਸੀਟਾਂ ਭਰ ਗਈਆਂ ਨੇ ਲੁਧਿਆਣਾ ਦੇ ਮੈਰੀਟੋਰੀਅਸ ਸਕੂਲ ਵਿੱਚ 496 ਵਿਦਿਆਰਥੀਆਂ ਨੇ ਰਿਪੋਰਟ ਕੀਤਾ ਹੈ ਹਾਲਾਂਕਿ ਕੁਝ ਵਿਦਿਆਰਥੀਆਂ ਵੱਲੋਂ ਦਾਖ਼ਲਾ ਵਾਪਿਸ ਵੀ ਲੈਣ ਲਈ ਅਰਜ਼ੀਆਂ ਦਿੱਤੀਆਂ ਗਈਆਂ ਹਨ ਜਿਸ ਕਰਕੇ ਫਿਲਹਾਲ ਕਲਾਸਾਂ ਸ਼ੁਰੂ ਨਹੀਂ ਹੋ ਸਕੀਆਂ ਹਨ।
ਕੀ ਨੇ ਮੈਰੀਟੋਰੀਅਸ ਸਕੂਲ: ਮੈਰੀਟੋਰੀਅਸ ਸਕੂਲਾਂ ਦੀ ਸ਼ੁਰੂਆਤ ਅਕਾਲੀ ਦਲ ਦੇ ਵੇਲੇ ਹੋਈ ਸੀ ਅਤੇ ਇਨ੍ਹਾਂ ਸਕੂਲਾਂ ਦੇ ਵਿੱਚ ਗ਼ਰੀਬ ਬੱਚਿਆਂ ਲਈ ਮੁਫਤ ਸਿੱਖਿਆ ਮੁਫਤ ਰਹਿਣ ਸਹਿਣ ਮੁਫਤ ਖਾਣ ਪੀਣ ਦਾ ਪ੍ਰਬੰਧ ਕੀਤਾ ਗਿਆ ਸੀ। ਜਿਸ ਦੇ ਤਹਿਤ ਇਨ੍ਹਾਂ ਸਕੂਲਾਂ ਦੇ ਅੰਦਰ ਹੋਸਟਲ ਬਣਾਏ ਗਏ ਹਨ। ਦਸਵੀਂ ਤੋਂ ਬਾਅਦ ਪਲੱਸ ਵਨ ਅਤੇ ਪਲੱਸ ਟੂ ਦੇ ਵਿਦਿਆਰਥੀ ਇਨ੍ਹਾਂ ਸਕੂਲਾਂ ਦੇ ਵਿੱਚ ਰਹਿ ਕੇ ਹੀ ਆਪਣੀ ਉਚੇਰੀ ਸਿੱਖਿਆ ਹਾਸਿਲ ਕਰਦੇ ਹਨ ਅਤੇ ਚੰਗੇ ਨਤੀਜਿਆਂ ਲਈ ਇਨ੍ਹਾਂ ਵਿਦਿਆਰਥੀਆਂ ਨੂੰ ਸਪੈਸ਼ਲ ਸਿਖਲਾਈ ਦਿੱਤੀ ਜਾਂਦੀ ਹੈ। ਇਨ੍ਹਾਂ ਸਕੂਲਾਂ ਵਿੱਚ ਬੱਚਿਆਂ ਨੂੰ ਮੁਫਤ ਵਰਦੀਆਂ ਹੋਸਟਲ 'ਚ ਰਹਿਣ ਸਹਿਣ ਅਤੇ ਖਾਣ ਪੀਣ ਮੁਹੱਈਆ ਕਰਵਾਇਆ ਜਾਂਦਾ ਹੈ।
ਕਿਉਂ ਹੋਏ ਸਨ ਬੰਦ:ਪੰਜਾਬ ਦੇ ਮੈਰੀਟੋਰੀਅਸ ਸਕੂਲਾਂ ਤੇ ਉਸ ਵੇਲੇ ਗਾਜ ਡਿੱਗੀ ਸੀ ਜਦੋਂ ਕੋਰੋਨਾ ਮਹਾਂਮਾਰੀ ਦੇ ਦੌਰਾਨ ਇਨ੍ਹਾਂ ਸਕੂਲਾਂ ਵਿੱਚ ਦਾਖਲਾ ਪ੍ਰਕਿਰਿਆ ਪੂਰੀ ਤਰ੍ਹਾਂ ਬੰਦ ਕਰ ਦਿੱਤੀ ਗਈ ਸੀ ਲਗਭਗ ਤਿੰਨ ਸਾਲ ਤੱਕ ਇਨ੍ਹਾਂ ਸਕੂਲਾਂ ਵਿੱਚ ਦਾਖਲਾ ਪ੍ਰਕਿਰਿਆ ਨਹੀਂ ਹੋਈ ਅਤੇ ਜੇਕਰ ਪਿਛਲੇ ਸਾਲ ਦੀ ਗੱਲ ਕੀਤੀ ਜਾਵੇ ਤਾਂ ਕੁਝ ਵਿਦਿਆਰਥੀਆਂ ਨੇ ਇਨ੍ਹਾਂ ਸਕੂਲਾਂ ਦੇ ਵਿੱਚ ਦਿਲਚਸਪੀ ਜ਼ਰੂਰ ਵਿਖਾਈ ਸੀ ਪਰ ਉਨ੍ਹਾਂ ਦੀ ਗਿਣਤੀ ਕਾਫੀ ਘੱਟ ਸੀ। ਪਲੱਸ ਵਨ ਦੇ ਵਿਚ ਉਨ੍ਹਾਂ ਨੇ ਦਾਖਲਾ ਲਿਆ ਸੀ, ਜਿਸ ਤੋਂ ਬਾਅਦ ਹੁਣ ਉਹ ਪਲੱਸ ਟੂ 'ਚ ਹੋਵੇ ਨੇ ਪਰ ਇਸ ਸੈਸ਼ਨ ਤੋਂ ਸ਼ੁਰੂਆਤ ਲਈ ਦਾਖਲਾ ਪ੍ਰਕਿਰਿਆ ਮੈਰੀਟੋਰੀਅਸ ਸਕੂਲਾਂ ਦੇ ਵਿੱਚ ਕਾਫੀ ਸਮਾਂ ਪਹਿਲਾਂ ਹੀ ਸ਼ੁਰੂ ਕਰ ਦਿੱਤੀ ਗਈ ਸੀ।
ਲੁਧਿਆਣਾ ਜ਼ਿਲ੍ਹੇ 'ਚ ਸੀਟਾਂ:ਲੁਧਿਆਣਾ ਜ਼ਿਲ੍ਹੇ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਪਲੱਸ ਵਨ ਕਲਾਸ ਲਈ ਕੁੱਲ 500 ਸੀਟਾਂ ਹਨ। ਜਿਨ੍ਹਾਂ ਵਿੱਚ ਨਾਨ ਮੈਡੀਕਲ ਸਟਰੀਮ ਦੀਆਂ 300 ਅਤੇ ਮੈਡੀਕਲ ਤੇ ਕਾਮਰਸ ਸਟ੍ਰੀਮ ਦੀਆਂ 100-100 ਸੀਟਾਂ ਹਨ ਨਾਨ ਮੈਡੀਕਲ ਦੀਆਂ 300 ਸੀਟਾਂ ਵਿਚੋਂ 120 ਲੜਕੇ ਅਤੇ 180 ਲੜਕੀਆਂ ਨੇ ਦਾਖਲਾ ਲਿਆ ਹੈ ਜਦੋਂਕਿ ਮੈਡੀਕਲ ਅਤੇ ਕਾਮਰਸ ਸਟਰੀਮ ਵਿੱਚ 40-40 ਲੜਕੇ ਅਤੇ 60-60 ਲੜਕੀਆਂ ਨੂੰ ਦਾਖਲਾ ਦਿੱਤਾ ਗਿਆ ਹੈ। ਸਕੂਲ ਵਿੱਚ ਦਾਖਲਾ ਲੈਣ ਲਈ ਕੌਂਸਲਿੰਗ ਤੋਂ ਬਾਅਦ ਵਿਦਿਆਰਥੀਆਂ ਦੇ ਕੋਲ ਉਨ੍ਹਾਂ ਦਾ ਫਾਰਮ ਮੈਡੀਕਲ ਫਿਟਨੈੱਸ ਸਰਟੀਫਿਕੇਟ ਆਧਾਰ ਕਾਰਡ ਦੀ ਕਾਪੀ ਪਿਛਲੀਆਂ ਜਮਾਤਾਂ ਦੇ ਸਰਟੀਫਿਕੇਟ ਆਦਿ ਹੋਣੇ ਜ਼ਰੂਰੀ ਹਨ ਕੌਂਸਲਿੰਗ ਦੇ ਦੌਰਾਨ ਹੀ ਵਿਦਿਆਰਥੀਆਂ ਨੂੰ ਸੀਟ ਅਲਾਟ ਕੀਤੀ ਜਾਂਦੀ ਹੈ।
ਕੋਰੋਨਾ ਕਾਲ ਕਾਰਨ ਤਿੰਨ ਸਾਲ ਬਾਅਦ ਸ਼ੁਰੂ ਹੋਏ ਮੈਰੀਟੋਰੀਅਸ ਸਕੂਲ
ਸੁਰੱਖਿਆ ਦੇ ਵਿਸ਼ੇਸ਼ ਪ੍ਰਬੰਧ:ਲੁਧਿਆਣਾ ਦੇ ਮੈਰੀਟੋਰੀਅਸ ਸਕੂਲ ਮੁੰਡੇ ਅਤੇ ਕੁੜੀਆਂ ਦਾ ਇਕੱਠਾ ਹੋਣ ਕਰਕੇ ਸੁਰੱਖਿਆ ਦੇ ਵੀ ਪੁਖਤਾ ਪ੍ਰਬੰਧ ਇਸ ਸਕੂਲ ਵਿੱਚ ਕੀਤੇ ਗਏ ਹਨ। ਸਕੂਲ ਦੇ ਹੋਸਟਲ ਦੇ ਵਾਰਡਨ ਸੂਬੇਦਾਰ ਗੁਰਮੇਲ ਸਿੰਘ ਨੇ ਦੱਸਿਆ ਕਿ ਸਕੂਲ ਦੇ ਹੋਸਟਲਾਂ ਦੇ ਲਈ 30 ਸੁਰੱਖਿਆ ਮੁਲਾਜ਼ਮਾਂ ਦੀ ਤਾਇਨਾਤੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਰਾਤ 11 ਵਜੇ ਤੱਕ ਸਕੂਲ ਦੇ ਵਿਚ ਸੁਰੱਖਿਆ ਮੁਲਾਜ਼ਮ ਰਹਿੰਦੇ ਨੇ ਜੋ ਲਗਾਤਾਰ ਗਸ਼ਤ ਕਰਦੇ ਰਹਿੰਦੇ ਹਨ। ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਬਾਹਰ ਜਾਣ ਦੀ ਜਾਂ ਬਾਹਰੋਂ ਕਿਸੇ ਦੇ ਅੰਦਰ ਆਉਣ ਦੀ ਕੋਈ ਇਜਾਜ਼ਤ ਨਹੀਂ ਹੈ। ਇੱਥੋਂ ਤੱਕ ਕੇ ਵਿਦਿਆਰਥੀਆਂ ਨੂੰ ਮਾਪਿਆਂ ਨਾਲ ਵੀ ਮਿਲਣ ਲਈ ਗੇਟ ਦੇ ਕੋਲ ਹੀ ਬੁਲਾਇਆ ਜਾਂਦਾ ਹੈ ਅਤੇ ਉਥੋਂ ਹੀ ਉਨ੍ਹਾਂ ਨੂੰ ਵਾਪਿਸ ਅੰਦਰ ਭੇਜ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਮੈੱਸ ਦੇ ਵਿੱਚ ਜੋ ਖਾਣਾ ਵੀ ਬਣਾਇਆ ਜਾਂਦਾ ਹੈ, ਉਹ ਵੀ ਵਿਦਿਆਰਥੀਆਂ ਨੂੰ ਘਰ ਵਰਗਾ ਮਾਹੌਲ ਮਿਲ ਸਕੇ। ਇਸ ਨੂੰ ਧਿਆਨ 'ਚ ਰੱਖ ਕੇ ਤਿਆਰ ਕੀਤਾ ਜਾਂਦਾ ਹੈ।
ਨਵੇਂ ਵਿਦਿਆਰਥੀਆਂ ਨੂੰ ਮੁਸ਼ਕਿਲਾਂ: ਮੈਰੀਟੋਰੀਅਸ ਸਕੂਲਾਂ ਦੇ ਵਿੱਚ ਹੋਸਟਲ 'ਚ ਰਹਿਣ ਲਈ ਨਵੇਂ ਵਿਦਿਆਰਥੀਆਂ ਨੂੰ ਕਾਫੀ ਦਿੱਕਤਾਂ ਵੀ ਹੁੰਦੀਆਂ ਹਨ। ਖ਼ਾਸ ਕਰਕੇ ਜੋ ਬੱਚੇ ਕਦੇ ਘਰੋਂ ਬਾਹਰ ਨਹੀਂ ਰਹੇ ਉਨ੍ਹਾਂ ਲਈ ਹੋਸਟਲ 'ਚ ਰਹਿਣਾ ਕਾਫੀ ਮੁਸ਼ਕਿਲ ਹੁੰਦਾ ਹੈ। ਐਡਜਸਟ ਕਰਨ ਲਈ ਉਨ੍ਹਾਂ ਨੂੰ ਸਮਾਂ ਲੱਗਦਾ ਹੈ। ਸੂਬੇਦਾਰ ਗੁਰਮੇਲ ਸਿੰਘ ਨੇ ਦੱਸਿਆ ਕਿ ਵਿਦਿਆਰਥੀਆਂ ਦਾ ਦਿਲ ਲਾਉਣ ਲਈ ਉਨ੍ਹਾਂ ਨਾਲ ਬੱਚਾ ਬਣਨਾ ਪੈਂਦਾ ਹੈ ਅਤੇ ਉਨ੍ਹਾਂ ਦੀ ਹਰ ਛੋਟੀ-ਛੋਟੀ ਗੱਲ ਦਾ ਧਿਆਨ ਵੀ ਰੱਖਣਾ ਪੈਂਦਾ ਹੈ। ਖ਼ਾਸ ਕਰਕੇ ਕੁਝ ਵਿਦਿਆਰਥੀਆਂ ਦੀ ਕੁਝ ਡਿਮਾਂਡਾਂ ਹੁੰਦੀਆਂ ਹਨ ਜਿਸ ਦੇ ਆਧਾਰ 'ਤੇ ਉਨ੍ਹਾਂ ਨੂੰ ਸਮਝਾਇਆ ਜਾਂਦਾ ਹੈ ਤਾਂ ਜੋ ਬਾਕੀ ਵਿਦਿਆਰਥੀ ਚੰਗੀ ਤਰ੍ਹਾਂ ਆਪਣੀ ਅਗਲੇਰੀ ਪੜ੍ਹਾਈ ਸਬੰਧੀ ਤਿਆਰੀ ਕਰ ਸਕਣ।
ਇਹ ਵੀ ਪੜ੍ਹੋ:ਜੂਆ ਖੇਡਣ ਵਾਲੇ ਜੁਆਰੀਆਂ ਦਾ ਅੱਡਾ ਬਣਿਆ ਕਰੋੜਾਂ ਰੁਪਏ ਦੀ ਲਾਗਤ ਨਾਲ ਬਣਿਆ ਚਰਨ ਗੰਗਾ ਸਟੇਡੀਅਮ