ਲੁਧਿਆਣਾ: ਇਹ ਮੇਰਾ ਪੰਜਾਬ ਲੜੀ ਤਹਿਤ ਅੱਜ ਅਸੀਂ ਪੁੱਜੇ ਆ ਲੁਧਿਆਣਾ ਸ਼ਹਿਰ ਤੋਂ ਤਕਰੀਬਨ 10 ਕਿਲੋਮੀਟਰ ਦੀ ਦੂਰੀ ਤੇ ਬਣੇ ਪਿੰਡ ਆਲਮਗੀਰ ਵਿੱਚ ਜਿਸ ਨੂੰ ਸਿੱਖਾਂ ਦੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਹੈ। ਇਸ ਪਿੰਡ ਵਿੱਚ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਪਾਤਸ਼ਾਹੀ ਦਸਵੀਂ ਸੁਸ਼ੋਬਿਤ ਹੈ।
ਇਤਿਹਾਸ
ਪਿੰਡ ਆਲਮਗੀਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ। ਜਿੱਥੇ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਸਸ਼ੋਬਿਤ ਹੈ। ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਪਰਿਵਾਰ ਤੋਂ ਵਿਛੋੜਾ ਪਾਉਣ ਤੋਂ ਬਾਅਦ ਮਾਛੀਵਾੜੇ ਦੇ ਜੰਗਲਾਂ ਤੋਂ ਹੁੰਦੇ ਹੋਏ ਪਲੰਘ ਤੇ ਸਵਾਰ ਹੋ ਕੇ ਆਲਮਗੀਰ ਪਹੁੰਚੇ ਸਨ। ਇਸ ਦੌਰਾਨ ਗੁਰੂ ਜੀ ਨਾਲ ਗਨੀ ਖ਼ਾ ਅਤੇ ਨਬੀ ਖ਼ਾ ਸੀ।
ਜ਼ਮੀਨ ਵਿੱਚ ਤੀਰ ਮਾਰ ਪਾਣੀ ਦਾ ਸੋਮਾ ਕੀਤਾ ਪ੍ਰਗਟ
ਇਸ ਅਸਥਾਨ ਨਾਲ਼ ਇੱਕ ਘਟਨਾ ਹੋਰ ਵੀ ਜੁੜੀ ਹੋਈ ਹੈ ਕਿ ਇੱਥੇ ਪਾਣੀ ਦੀ ਬਹੁਤ ਦਿੱਕਤ ਸੀ ਅਤੇ ਜਦੋਂ ਗੁਰੂ ਸਾਹਿਬ ਆਏ ਤਾਂ ਉਨ੍ਹਾਂ ਨੇ ਜਲ ਛਕਣ ਦੀ ਇੱਛਾ ਪ੍ਰਗਟਾਈ ਅਤੇ ਜਦੋਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਇੱਥੇ ਸਿਰਫ਼ ਇੱਕ ਹੀ ਖੂਹ ਹੈ ਅਤੇ ਉੱਥੇ ਵੀ ਬਹੁਤ ਵੱਡੀ ਸਰਾਲ ਰਹਿੰਦੀ ਹੈ ਤਾਂ ਗੁਰੂ ਜੀ ਨੇ ਤੀਰ ਮਾਰ ਕੇ ਉਸ ਸਰਾਲ ਦਾ ਅੰਤ ਕਰ ਦਿੱਤਾ ਜੋ ਕਿ ਖੂਹ 'ਚ ਹੀ ਡਿੱਗ ਪਈ। ਇਸ ਤੋਂ ਬਾਅਦ ਗੁਰੂ ਜੀ ਨੇ ਇੱਕ ਹੋਰ ਤੀਰ ਧਰਤੀ ਵਿੱਚ ਮਾਰਿਆ ਅਤੇ ਜ਼ਮੀਨ ਚੋਂ ਪਾਣੀ ਦਾ ਸੋਮਾ ਪ੍ਰਗਟ ਹੋ ਗਿਆ।