ED ਵਲੋਂ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਘਰ ਉੱਤੇ ਰੇਡ ਲੁਧਿਆਣਾ:ਕਾਂਗਰਸ ਦੀ ਸਰਕਾਰ ਵੇਲੇ ਫੂਡ ਸਪਲਾਈ ਵਿਭਾਗ ਵਿੱਚ ਹੋਏ ਕਥਿਤ ਬਹੁ-ਕਰੌੜੀ ਟਰਾਂਸਪੋਰਟ ਟੈਂਡਰ ਘੁਟਾਲਾ ਮਾਮਲੇ ਦੇ ਵਿੱਚ ਜ਼ਮਾਨਤ ਹਾਸਲ ਕਰ ਚੁੱਕੇ ਮੁਲਜ਼ਮਾਂ ਦੇ ਘਰ ਅਤੇ ਦਫਤਰਾਂ ਉੱਤੇ ਅੱਜ ਈਡੀ ਵੱਲੋ ਛਾਪੇਮਾਰੀ ਕੀਤੀ ਗਈ ਹੈ। ਜਿਸ ਵਿਚ ਸਾਬਕਾ ਖੁਰਾਕ ਸਪਲਾਈ ਮੰਤਰੀ ਭਾਰਤ ਭੂਸ਼ਣ ਅਸ਼ੂ ਸਣੇ ਉਸ ਦੇ ਪੀਏ ਮੀਨੂ ਮਲਹੋਤਰਾ ਅਤੇ ਸਾਬਕਾ ਇੰਪਰੂਵਮੈਂਟ ਦੇ ਚੇਅਰਮੈਨ ਬਾਲਾ ਸੁਬਰਮਨਿਅਮ ਦੇ ਘਰ ਸਵੇਰ ਤੋਂ ਹੀ ਛਾਪੇਮਾਰੀ ਚੱਲ ਰਹੀ ਹੈ।
ਘਰ ਅਤੇ ਦਫ਼ਤਰਾਂ ਉੱਤੇ ਰੇਡ: ਹਾਲਾਂਕਿ ਵਿਜੀਲੈਂਸ ਵੱਲੋਂ ਦਰਜ ਕੀਤੇ ਇਸ ਘੁਟਾਲੇ ਮਾਮਲੇ ਵਿੱਚ ਇਨ੍ਹਾਂ ਤਿੰਨਾਂ ਨੂੰ ਹੀ ਜ਼ਮਾਨਤ ਮਿਲ ਚੁੱਕੀ ਹੈ ਪਰ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਅੱਜ ਸਵੇਰੇ ਭਾਰੀ ਫੋਰਸ ਦੇ ਨਾਲ ਇਨ੍ਹਾਂ ਦੇ ਘਰਾਂ ਅਤੇ ਦਫਤਰਾਂ ਵਿੱਚ ਛਾਪੇਮਾਰੀ ਕਰਕੇ ਦਸਤਾਵੇਜ਼ ਖੰਗਾਲੇ ਜਾ ਰਹੇ ਨੇ। ਛਾਪੇਮਾਰੀ ਵਿੱਚ ਕੋਚਰ ਮਾਰਕੀਟ ਸਥਿਤ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਰਿਹਾਇਸ਼, ਬੱਸ ਸਟੈਂਡ ਨੇੜੇ ਮੀਨੂ ਮਲਹੋਤਰਾ ਅਤੇ ਸਿਵਿਲ ਲਾਈਨ ਨੇੜੇ ਬਾਲਾ ਸੁਭਰਾਮਨੀਅਮ ਦੇ ਘਰ ਛਾਪੇਮਾਰੀ ਕੀਤੀ ਗਈ ਹੈ।
ਇਸ ਤੋਂ ਇਲਾਵਾ ਲੁਧਿਆਣਾ ਦੇ ਵਿਧਾਨ ਸਭਾ ਹਲਕਾ ਮੁੱਲਾਂਪੁਰ ਦਾਖਾ ਅੰਦਰ ਵੀ ਅੱਜ ਸਵੇਰੇ ਤੜਕਸਾਰ ਹੀ ਈਡੀ ਦੀ ਰੇਡ ਹੋਈ, ਇਹ ਰੇਡ ਕੁੱਝ ਸਮਾਂ ਪਹਿਲਾ ਟਰਾਂਸਪੋਰਟ ਟੈਂਡਰ ਘੁਟਾਲੇ ਮਾਮਲੇ ਦੇ ਵਿੱਚ ਜ਼ਮਾਨਤ ਮਿਲਣ ਵਾਲਿਆਂ ਦੇ ਘਰ ਹੋਈ ਹੈ। ਇਹ ਛਾਪੇਮਾਰੀ ਅਨਿਲ ਜੈਨ, ਆੜਤੀ ਕਰਿਸ਼ਨ ਲਾਲ ਧੋਤੀ ਵਾਲਾ ਅਤੇ ਤੈਲੂ ਰਾਮ ਠੇਕੇਦਾਰ ਦੇ ਘਰ ਹੋਈ ਹੈ। ਹਾਲਾਂਕਿ ਅਧਿਕਾਰੀਆ ਵੱਲੋਂ ਮੀਡੀਆ ਨੁੰ ਕੋਈ ਵੀ ਜਾਣਕਾਰੀ ਦੇਣ ਤੋ ਇਨਕਾਰ ਕਰ ਦਿੱਤਾ ਗਿਆ ਹੈ। ਇਹ ਸਾਰੇ ਹੀ ਮੁਲਜ਼ਮ ਸਾਬਕਾ ਖੁਰਾਕ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਨਾਲ ਮੁਲਜ਼ਮ ਬਣਾਏ ਗਏ ਸਨ।
ਸਾਬਕਾ ਮੰਤਰੀ ਕੱਟ ਚੁੱਕੇ ਨੇ ਸਜ਼ਾ: ਜ਼ਿਕਰਯੋਗ ਹੈ ਕਿ ਇਸ ਮਾਮਲੇ ਦੇ ਵਿੱਚ ਭਾਰਤ ਭੂਸ਼ਣ ਆਸ਼ੂ ਜੋ ਕਿ ਸਾਬਕਾ ਕੈਬਨਿਟ ਮੰਤਰੀ ਹਨ, 6 ਮਹੀਨੇ ਦੀ ਪਟਿਆਲਾ ਜੇਲ੍ਹ ਵਿੱਚ ਸਜ਼ਾ ਵੀ ਕੱਟ ਚੁੱਕੇ ਨੇ ਅਤੇ ਜਦੋਂ ਇਹ ਮਾਮਲਾ ਸਾਹਮਣੇ ਆਇਆ ਸੀ ਤਾਂ ਉਦੋਂ ਹੀ ਵਿਜੀਲੈਂਸ ਤੋਂ ਈ ਡੀ ਨੇ ਇਹਨਾਂ ਸਾਰੇ ਹੀ ਮੁਲਾਜ਼ਮਾਂ ਦੇ ਦਸਤਾਵੇਜ਼ ਲਏ ਸਨ ਅਤੇ ਸਾਰਿਆਂ ਦੀ ਜਾਇਦਾਦਾਂ ਬਾਰੇ ਵੀ ਵੇਰਵਾ ਲਿਆ ਸੀ ਅਤੇ ਮੰਨਿਆ ਜਾ ਰਿਹਾ ਸੀ ਕਿ ਜਲਦ ਹੀ ਈਡੀ ਇਹਨਾਂ ਉੱਤੇ ਕਾਰਵਾਈ ਕਰ ਸਕਦੀ ਹੈ। ਕਿਆਸਰਾਈਆਂ ਮੁਤਾਬਿਕ ਅੱਜ ਅਧਿਕਾਰੀਆਂ ਵੱਲੋਂ ਮੁਲਜ਼ਮਾਂ ਦੇ ਘਰਾਂ ਅਤੇ ਦਫਤਰਾਂ ਦੇ ਵਿੱਚ ਸਵੇਰ ਤੋਂ ਹੀ ਛਾਪੇਮਾਰੀ ਚੱਲ ਰਹੀ ਹੈ।