ਲੁਧਿਆਣਾ:ਪੰਜਾਬ ਦੇ ਵੱਖ ਵੱਖ ਥਾਵਾਂ ’ਤੇ ਈਡੀ ਦੀ ਛਾਪੇਮਾਰੀ ਤੋਂ ਬਾਅਦ ਹੁਣ ਸਿਆਸਤ ਕਾਫੀ ਗਰਮਾਉਂਦੀ ਹੋਈ ਨਜਰ ਆ ਰਹੀ ਹੈ। ਜਿੱਥੇ ਇੱਕ ਪਾਸੇ ਕਾਂਗਰਸ ਦੇ ਆਗੂ ਇਸ ਨੂੰ ਸਿਆਸੀ ਬਦਲਾਖੋਰੀ ਦਾ ਨਤੀਜਾ ਦੱਸ ਰਹੇ ਹਨ। ਉੱਥੇ ਹੀ ਭਾਜਪਾ ਦੇ ਆਗੂ ਇਸ ਨੂੰ ਚੰਨੀ ਸਰਕਾਰ ਦੇ 111 ਦਿਨ ਦੀ ਕਾਰਗੁਜ਼ਾਰੀ ਦਾ ਨਤੀਜਾ ਦੱਸ ਰਹੇ ਹਨ।
ਜ਼ਿਲ੍ਹਾ ਲੁਧਿਆਣਾ ਵਿੱਚ ਈਡੀ ਵੱਲੋਂ ਕੀਤੀਆਂ ਜਾ ਰਹੀਆਂ ਛਾਪੇਮਾਰੀਆਂ ਨੂੰ ਲੈ ਕੇ ਕਾਂਗਰਸ ਅਤੇ ਭਾਜਪਾ ਵੱਲੋਂ ਪ੍ਰੈੱਸ ਕਾਨਫ਼ਰੰਸ ਕਰ ਇੱਕ ਦੂਜੇ ਤੇ ਇਲਜ਼ਾਮ ਲਗਾਏ ਗਏ। ਕਾਂਗਰਸੀ ਆਗੂਆਂ ਨੇ ਕਿਹਾ ਕਿ ਇਹ ਸਭ ਸਿਆਸਤ ਹੈ ਜਦਕਿ ਭਾਜਪਾ ਨੇ ਕਿਹਾ ਕਿ ਜੇਕਰ ਦਾਮਨ ਸਾਫ਼ ਹੋਵੇ ਤਾਂ ਛਾਪੇਮਾਰੀਆਂ ਦੀ ਲੋੜ ਨਹੀਂ ਹੁੰਦੀ।
'ਸਭ ਸਿਆਸੀ ਬਦਲਾਖੋਰੀ ਦਾ ਨਤੀਜਾ'
ਇਸ ਸਬੰਧੀ ਕਾਂਗਰਸ ਦੇ ਸੀਨੀਅਰ ਲੀਡਰ ਅਤੇ ਦਾਖਾ ਤੋਂ ਉਮੀਦਵਾਰ ਸੰਦੀਪ ਸੰਧੂ ਨੇ ਕਿਹਾ ਕਿ ਜੋ ਛਾਪੇਮਾਰੀਆਂ ਹੋ ਰਹੀਆਂ ਹਨ ਉਹ ਸਭ ਸਿਆਸੀ ਬਦਲਾਖੋਰੀ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਦੇ ਘਰ ਤਿੰਨ ਦਿਨ ਰੇਡ ਚਲਦੀ ਹੈ ਪਰ ਕੁਝ ਬਰਾਮਦ ਨਹੀਂ ਹੁੰਦਾ ਜਦਕਿ ਮੁੱਖ ਮੰਤਰੀ ਚੰਨੀ ਦੇ ਕਰੀਬੀਆਂ ਦੇ ਘਰ ਚੋਂ ਕਰੋੜਾਂ ਰੁਪਏ ਬਰਾਮਦ ਹੋਣ ਦੇ ਦਾਅਵੇ ਕੀਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਆਉਂਦੇ ਦਿਨਾਂ ’ਚ ਕੁਝ ਹੋਰ ਕਾਂਗਰਸੀਆਂ ਨੂੰ ਨਿਸ਼ਾਨਾ ਬਣਾਏ ਜਾਣ ਦੀ ਭਾਜਪਾ ਵੱਲੋਂ ਯੋਜਨਾ ਬਣਾਈ ਜਾ ਰਹੀ ਹੈ।
ਈਡੀ ਦੀ ਛਾਪੇਮਾਰੀ ਤੋਂ ਬਾਅਦ ਭਖੀ ਸਿਆਸਤ 'ਦਾਮਨ ਸਾਫ਼ ਹੁੰਦਾ ਤਾਂ ਛਾਪੇਮਾਰੀਆਂ ਨਹੀਂ ਹੁੰਦੀਆਂ'
ਉੱਥੇ ਹੀ ਦੂਜੇ ਪਾਸੇ ਭਾਜਪਾ ਵੱਲੋਂ ਪੰਜਾਬ ਦੇ ਵਾਈਸ ਪ੍ਰਧਾਨ ਵੱਲੋਂ ਲੁਧਿਆਣਾ ਚ ਪ੍ਰੈੱਸ ਕਾਨਫਰੰਸ ਕਰ ਕਿਹਾ ਗਿਆ ਕਿ ਕਾਂਗਰਸ ਦੀ ਸਰਕਾਰ ਭ੍ਰਿਸ਼ਟਾਚਾਰ ਨਾਲ ਲਿਪਤ ਹੈ। ਇਹੀ ਕਾਰਨ ਹੈ ਕਿ ਉਨ੍ਹਾਂ ਦੇ ਘਰਾਂ ਦੇ ਵਿੱਚ ਛਾਪੇਮਾਰੀਆਂ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਹਾਲੇ ਹੋਰ ਵੱਡੇ-ਵੱਡੇ ਨਾਂ ਸਾਹਮਣੇ ਆਉਣਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਗ੍ਰਹਿ ਵਿਭਾਗ ਅਤੇ ਹੋਰ ਜਾਂਚ ਏਜੰਸੀਆਂ ਨੂੰ ਅਪੀਲ ਕੀਤੀ ਹੈ ਕਿ ਲੁਧਿਆਣਾ ਦੇ ਕਈ ਹੋਰ ਵੱਡੇ ਚਿਹਰੇ ਹਨ, ਜੋ ਇਸ ਭ੍ਰਿਸ਼ਟਾਚਾਰ ਚ ਲਿਪਤ ਹਨ ਉਨ੍ਹਾਂ ਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਦਾਮਨ ਸਾਫ਼ ਹੁੰਦਾ ਤਾਂ ਛਾਪੇਮਾਰੀਆਂ ਨਹੀਂ ਹੁੰਦੀਆਂ ਅਤੇ ਛਾਪੇਮਾਰੀ ਤੋਂ ਬਾਅਦ ਸਾਫ ਵੀ ਹੋ ਚੁੱਕਾ ਹੈ ਕਿ ਕਿੰਨੀ ਬਰਾਮਦਗੀ ਹੋਈ ਹੈ।
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਪੂਰੇ ਪੰਜਾਬ ਭਰ ਵਿੱਚ ਮੁੱਖ ਮੰਤਰੀ ਚੰਨੀ ਦੇ ਕਰੀਬੀਆਂ ਤੇ ਛਾਪੇਮਾਰੀ ਕੀਤੀ ਗਈ ਸੀ ਅਤੇ ਇਸ ਦੌਰਾਨ ਲੁਧਿਆਣਾ ਤੋਂ ਉਨ੍ਹਾਂ ਦੇ ਭਤੀਜੇ ਭੁਪਿੰਦਰ ਹਨੀ ਅਤੇ ਸੰਦੀਪ ਕਪੂਰ ਦੀ ਰਿਹਾਇਸ਼ ਤੇ ਛਾਪੇਮਾਰੀ ਦੌਰਾਨ ਕਰੋੜਾਂ ਰੁਪਏ ਬਰਾਮਦ ਹੋਣ ਦੀ ਗੱਲ ਸਾਹਮਣੇ ਆਈ ਸੀ ਜਿਸ ਨੂੰ ਲੈ ਕੇ ਹੁਣ ਭਾਜਪਾ ਅਤੇ ਕਾਂਗਰਸ ਵਿਚਕਾਰ ਸਿਆਸੀ ਜੰਗ ਛਿੜੀ ਹੋਈ ਹੈ।
ਇਹ ਵੀ ਪੜੋ:Punjab Assembly Election 2022: ਪਰਚੇ ਦਰਜ ਹੋਣ ਤੋਂ ਬਾਅਦ ਵੀ ਪੰਜਾਬ ’ਚ ਇਹ ਚਿਹਰੇ ਬਣੇ ਉਮੀਦਵਾਰ