ਲੁਧਿਆਣਾ: ਕਹਿੰਦੇ ਨੇ ਹਰ ਬੰਦੇ ਵਿੱਚ ਕੋਈ ਨਾ ਕੋਈ ਹੁਨਰ ਹੁੰਦਾ ਹੈ ਪਰ ਉਸ ਹੁਨਰ ਨੂੰ ਕੋਈ ਕੋਈ ਹੀ ਪਛਾਣ ਸਕਦਾ ਹੈ। ਇਸੇ ਤਰ੍ਹਾਂ ਆਪਣੇ ਹੁਨਰ ਨੂੰ ਪਛਾਣ ਕੇ ਲੁਧਿਆਣਾ ਦੇ ਰਹਿਣ ਵਾਲੇ ਇੱਕ 15 ਸਾਲਾ ਬੱਚੇ ਨੇ ਜੋ ਕਰ ਦਿਖਾਇਆ ਹੈ, ਉਸ ਬਾਰੇ ਕੋਈ ਹੀ ਸ਼ਾਇਦ ਸੋਚ ਸਕਦਾ ਹੈ। ਦਰਅਸਲ ਲੁਧਿਆਣਾ ਦੇ ਰਹਿਣ ਵਾਲੇ ਲੱਕੀ ਨੇ ਲੌਕਡਾਊਨ ਦੌਰਾਨ ਘਰ ਪਏ ਵਾਧੂ ਸਮਾਨ ਦਾ ਉਪਯੋਗ ਕਰਕੇ ਕਾਰਾਂ ਦੇ ਮਾਡਲ ਤਿਆਰ ਕੀਤੇ ਹਨ।
ਉਮਰਾਂ ਛੋਟੀਆਂ ਤੇ ਸੁਪਨੇ ਵੱਡੇ, ਵੇਖੋ ਇਸ ਬੱਚੇ ਦਾ ਹੁਨਰ - ਲੁਧਿਆਣਾ ਤੋਂ ਖ਼ਬਰ
ਲੁਧਿਆਣਾ ਦੇ ਰਹਿਣ ਵਾਲੇ ਇੱਕ ਬੱਚੇ ਨੇ ਲੌਕਡਾਊਨ ਦੌਰਾਨ ਘਰ ਪਏ ਵਾਧੂ ਸਮਾਨ ਦੀ ਵਰਤੋਂ ਕਰਕੇ ਕਾਰਾਂ ਦੇ ਮਾਡਲ ਤਿਆਰ ਕੀਤੇ ਗਏ ਹਨ।
ਇਸ ਮੌਕੇ ਈਟੀਵੀ ਭਾਰਤ ਦੀ ਟੀਮ ਨੇ ਲੱਕੀ ਦੇ ਹੁਨਰ ਨੂੰ ਜਾਣਨ ਲਈ ਉਸ ਨਾਲ ਖ਼ਾਸ ਗੱਲਬਾਤ ਕੀਤੀ। ਜਾਣਕਾਰੀ ਦਿੰਦਿਆਂ ਲੱਕੀ ਨੇ ਦੱਸਿਆ ਕਿ ਉਸ ਨੂੰ ਬਚਪਨ ਤੋਂ ਹੀ ਕਾਰਾਂ ਬਣਾਉਣ ਦਾ ਸ਼ੌਂਕ ਸੀ। ਲੱਕੀ ਨੇ ਇਸ ਦੇ ਨਾਲ ਹੀ ਦੱਸਿਆ ਕਿ ਉਸ ਨੂੰ ਇੱਕ ਕਾਰ ਦਾ ਮਾਡਲ ਬਣਾਉਣ ਲਈ 1 ਤੋਂ 2 ਦਿਨ ਦਾ ਸਮਾਂ ਲੱਗ ਜਾਂਦਾ ਹੈ। ਇਸ ਦੇ ਨਾਲ ਉਸ ਨੇ ਇਨ੍ਹਾਂ ਮਾਡਲਾਂ ਲਈ ਵਰਤੋਂ 'ਚ ਆਉਣ ਵਾਲੀਆਂ ਵਸਤੂਆਂ ਬਾਰੇ ਵੀ ਜਾਣੂ ਕਰਵਾਇਆ। ਲੱਕੀ ਨੇ ਦੱਸਿਆ ਕਿ ਉਸ ਵੱਲੋਂ ਇਹ ਮਾਡਲ ਦਵਾਈਆਂ ਦੇ ਪੱਤਿਆਂ, ਪਾਈਪਾਂ, ਤੀਲੀਆਂ ਵਰਗੇ ਹੋਰ ਸਮਾਨ ਨਾਲ ਤਿਆਰ ਕੀਤੇ ਗਏ ਹਨ।
ਇਸ ਮੌਕੇ ਲੱਕੀ ਦੇ ਪਿਤਾ ਨੇ ਦੱਸਿਆ ਕਿ ਲੱਕੀ ਨੂੰ ਕਾਰਾਂ ਦੇ ਮਾਡਲ ਬਣਾਉਣ ਦਾ ਸ਼ੌਂਕ ਬਚਪਨ ਤੋਂ ਹੀ ਸੀ ਤੇ ਉਹ ਚਾਹੁੰਦੇ ਹਨ ਕਿ ਲੱਕੀ ਭਵਿੱਖ ਵਿੱਚ ਇੱਕ ਚੰਗਾ ਮਕੈਨੀਕਲ ਇੰਜੀਨੀਅਰ ਬਣੇ ਤਾਂ ਜੋ ਉਹ ਆਪਣੇ ਇਸ ਹੁਨਰ ਨੂੰ ਅੱਗੇ ਵਧਾ ਸਕੇ। ਪਰ ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਘਰ ਦੇ ਹਲਾਤਾਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਤਨਖ਼ਾਹ ਘੱਟ ਹੋਣ ਕਰਕੇ ਉਹ ਲੱਕੀ ਦੇ ਸਕੂਲ ਦੀ ਫ਼ੀਸ ਨਹੀਂ ਦੇ ਸਕੇ, ਜਿਸ ਤੋਂ ਬਾਅਦ ਸਕੂਲ ਵਾਲਿਆਂ ਨੇ ਲੱਕੀ ਨੂੰ ਘਰ ਬਿਠਾ ਦਿੱਤਾ। ਉਨ੍ਹਾਂ ਨੇ ਪ੍ਰਸ਼ਾਸਨ ਤੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਲੱਕੀ ਦੇ ਇਸ ਹੁਨਰ ਨੂੰ ਅੱਗੇ ਲੈ ਜਾਣ ਲਈ ਉਨ੍ਹਾਂ ਦੀ ਮਦਦ ਕਰਨ।