ਲੁਧਿਆਣਾ:ਸ਼ਹਿਰ ਵਿੱਚ ਜ਼ਿਆਦਾਤਰ ਪ੍ਰਾਜੈਕਟ ਉਸਾਰੀ ਅਧੀਨ ਹਨ। ਦੋ-ਦੋ ਸਾਲ ਪਹਿਲਾਂ ਇਨ੍ਹਾਂ ਪ੍ਰੋਜੈਕਟਾਂ ਨੂੰ ਤਿਆਰ ਕਰਨ ਦੀਆਂ ਮਿਆਦਾਂ ਖ਼ਤਮ ਹੋਣ ਦੇ ਬਾਵਜੂਦ ਇਹ ਹਾਲੇ ਤੱਕ ਪੂਰੇ ਨਹੀਂ ਹੋ ਸਕੇ ਹਨ ਜਿਸ ਕਰਕੇ ਲੁਧਿਆਣਾ ਵਾਸੀਆਂ ਨੂੰ ਖ਼ਾਸੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਿਰਫ ਲੁਧਿਆਣਾ ਹੀ ਨਹੀਂ ਸਗੋਂ, ਮੋਗਾ, ਫਿਰੋਜ਼ਪੁਰ, ਜਲੰਧਰ, ਅੰਮ੍ਰਿਤਸਰ, ਚੰਡੀਗੜ੍ਹ ਜਾਣ ਵਾਲੇ ਰਾਹਗੀਰ ਵੀ ਇਸ ਸਮੱਸਿਆ ਦੇ ਨਾਲ ਦੋ-ਚਾਰ ਹੋ ਰਹੇ ਹਨ। ਉਪਰੋਂ ਕਣਕਾਂ ਦੀ ਕਟਾਈ ਦਾ ਸੀਜ਼ਨ ਚੱਲ ਰਿਹਾ ਹੈ, ਪਹਿਲਾ ਹੀ ਮਿੱਟੀ ਦੀ ਕਮੀ ਨਹੀਂ ਹੈ ਅਤੇ ਉਸਾਰੀ ਅਧੀਨ ਅੱਧ ਵਿਚਕਾਰ ਪਏ ਪ੍ਰੋਜੈਕਟ ਵੀ ਹੁਣ ਸ਼ਹਿਰੀਆਂ ਲਈ ਜੰਜਾਲ ਬਣੇ ਹੋਏ ਹਨ। ਸਰਕਾਰਾਂ ਬਦਲੀਆਂ, ਪਰ ਲੁਧਿਆਣਾ ਦੇ ਹਾਲਾਤ ਨਹੀਂ ਬਦਲੇ ਹਨ।
ਅਧੂਰੇ ਪ੍ਰੋਜੈਕਟ:ਲੁਧਿਆਣਾ ਵਿੱਚ ਸਮਾਰਟ ਸਿਟੀ ਦੇ ਤਹਿਤ ਨੈਸ਼ਨਲ ਹਾਈਵੇ ਦੇ ਤਹਿਤ ਕਈ ਪ੍ਰੋਜੈਕਟ ਅੱਧ ਵਿਚਕਾਰ ਲਟਕੇ ਹੋਏ ਹਨ। 2019 ਵਿੱਚ ਸ਼ੁਰੂ ਹੋਇਆ ਪੱਖੋਵਾਲ ਰੋਡ ਆਰਓਬੀ ਅਤੇ ਆਰਯੂਬੀ ਪ੍ਰੋਜੈਕਟ ਸਤੰਬਰ 2021 ਵਿੱਚ ਪੂਰਾ ਹੋਣਾ ਸੀ, ਪਰ 2 ਸਾਲ ਵਧ ਦਾ ਸਮਾਂ ਹੋ ਚੁੱਕਾ ਹੈ, ਹਾਲੇ ਤਕ ਪ੍ਰੋਜੈਕਟ ਪੂਰਾ ਨਹੀਂ ਹੋ ਸਕਿਆ ਹੈ। ਲੁਧਿਆਣਾ ਤੋਂ ਐਮਐਲਏ, ਐਮਪੀ ਅਤੇ ਅਧਿਕਾਰੀਆਂ ਦਾ ਦਾਅਵਾ ਹੈ ਕਿ ਇਸ ਨੂੰ ਸਾਲ ਦੇ ਅਖੀਰ ਤੱਕ ਪੂਰਾ ਕਰ ਲਿਆ ਜਾਵੇਗਾ। ਇਸ ਪ੍ਰੋਜੈਕਟ ਦੀ ਸਮਾਂ ਸੀਮਾ ਦੇ ਨਾਲ ਲਾਗਤ ਵੀ ਵੱਧ ਕੇ 124 ਕਰੋੜ ਰੁਪਏ ਤੋਂ 132 ਕਰੋੜ ਰੁਪਏ ਹੋ ਚੁੱਕੀ ਹੈ। ਸਮਾਰਟ ਸਿਟੀ ਦੇ ਤਹਿਤ 145 ਕਰੋੜ ਦੀ ਲਾਗਤ ਨਾਲ 45 ਪ੍ਰੋਜੈਕਟ ਪੂਰੇ ਕੀਤੇ ਜਾ ਚੁੱਕੇ ਹਨ, ਜਦਕਿ 20 ਪ੍ਰੋਜੈਕਟ 591 ਕਰੋੜ ਦੀ ਲਾਗਤ ਨਾਲ ਬੰਨ੍ਹ ਰਹੇ ਹਨ, ਜਿਹੜੇ ਹਾਲੇ ਤੱਕ ਪੂਰੇ ਨਹੀਂ ਹੋ ਸਕੇ। ਹੈਰਾਨੀ ਦੀ ਗੱਲ ਹੈ ਕਿ 193 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ 7 ਪ੍ਰੋਜੈਕਟ ਨੂੰ ਹਾਲੇ ਨਵੇਂ ਸਿਰੇ ਤੋਂ ਸ਼ੁਰੂ ਕੀਤਾ ਜਾਣਾ ਹੈ।
ਸੜਕਾਂ ਦੇ ਹਾਲਾਤ: ਲੁਧਿਆਣਾ ਵਿਚ ਅਧੁਰੇ ਪਏ ਵਿਕਾਸ ਪ੍ਰੋਜੈਕਟ ਹੀ ਨਹੀਂ, ਸਗੋਂ ਸੜਕਾਂ ਵੀ ਖਸਤਾ ਹਾਲਤ ਦੇ ਵਿੱਚ ਹਨ, ਜਿਨ੍ਹਾਂ ਕਰਕੇ ਲੋਕ ਪ੍ਰੇਸ਼ਾਨ ਹੋ ਰਹੇ ਹਨ। ਲੁਧਿਆਣਾ ਪਖੋਵਾਲ ਰੋਡ ਪ੍ਰਜੈਕਟ ਨੂੰ ਪਹਿਲਾ ਖ਼ੁਦਾਈ ਕਰ ਕੇ ਪੁੱਟ ਲਿਆ ਗਿਆ, ਪਰ ਹਾਲੇ ਤੱਕ ਉਸ ਦਾ ਨਿਰਮਾਣ ਸ਼ੁਰੂ ਨਹੀਂ ਕੀਤਾ ਗਿਆ ਹੈ। ਪੀਡਬਲਿਊਡੀ ਮੰਤਰੀ ਇਸ ਪ੍ਰੋਜੈਕਟ ਦਾ ਉਦਘਾਟਨ ਕਰਕੇ ਗਏ ਸਨ। ਇਸ ਤੋ ਇਲਾਵਾ ਰਾਹੋਂ ਰੋਡ, ਫਿਰੋਜ਼ਪੁਰ ਰੋਡ, ਮਲਹਾਰ ਰੋਡ, ਸਮਰਾਲਾ ਰੋਡ, 200 ਫੁੱਟ ਰੋਡ, ਪੱਖੋਵਾਲ ਰੋਡ, ਢੰਡਾਰੀ ਰੋਡ ਕਈ ਅਜਿਹੀਆਂ ਸੜਕਾਂ ਹਨ ਜਿਨ੍ਹਾਂ ਦੀ ਹਾਲਤ ਖ਼ਸਤਾ ਹੋ ਚੁੱਕੀ ਹੈ। ਇਨ੍ਹਾਂ ਸੜਕਾਂ ਤੋਂ ਨਿਕਲਣਾ ਸ਼ਹਿਰ ਵਾਸੀਆਂ ਲਈ ਕਿਸੇ ਜੋਖਮ ਤੋਂ ਘੱਟ ਨਹੀਂ ਹੈ। ਲੁਧਿਆਣਾ ਪਖੋਵਾਲ ਰੋਡ ਉੱਤੇ ਦੁਕਾਨ ਚਲਾਉਣ ਲਈ ਇਕ ਬਜ਼ੁਰਗ ਨੇ ਦੱਸਿਆ ਕਿ ਨਾ ਸਿਰਫ ਰੋਜ਼ਾਨਾ ਮਿੱਟੀ ਖਾ ਰਹੇ ਨੇ, ਸਗੋਂ ਘਰ ਜਾਣ ਲੱਗੇ ਨਾਲ ਵੀ ਲੈ ਕੇ ਜਾਂਦੇ ਹਨ।