ਵੱਖ-ਵੱਖ ਅਫ਼ਸਰਾਂ ਨੂੰ ਸੌਂਪੇ ਵਾਧੂ ਚਾਰਜ ਲੁਧਿਆਣਾ: ਪੰਜਾਬ ਭਰ ਦੇ ਪਟਵਾਰੀਆਂ ਵੱਲੋਂ ਚਲਾਈ ਜਾ ਰਹੀ ਕਲਮ ਛੋੜ ਹੜਤਾਲ ਦੇ ਚੱਲਦਿਆਂ ਲੋਕਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਲੁਧਿਆਣਾ ਡਿਪਟੀ ਕਮਿਸ਼ਨਰ ਵੱਲੋਂ ਇੱਕ ਨੋਟਿਫਿਕੇਸ਼ਨ ਜਾਰੀ ਕੀਤਾ ਗਿਆ ਹੈ, ਜਿਸ ਵਿੱਚ ਪਟਵਾਰੀਆਂ ਅਤੇ ਹੜਤਾਲ ਉੱਤੇ ਗਏ ਹੋਰ ਕਾਮਿਆਂ ਦੀ ਥਾਂ ਉੱਤੇ ਵਿਭਾਗ ਦੇ ਹੋਰਨਾਂ ਅਫਸਰਾਂ ਨੂੰ ਵਾਧੂ ਚਾਰਜ ਅਤੇ ਤਾਕਤਾਂ ਪ੍ਰਦਾਨ ਕੀਤੀਆਂ ਗਈਆਂ ਹਨ।
ਲੋਕਾਂ ਦੀ ਸਹੂਲਤ ਲਈ ਫੈਸਲਾ: ਹੁਕਮਾਂ ਮੁਤਾਬਿਕ ਤਸਦੀਕ ਦੇ ਲਈ ਜੇਕਰ ਪਟਵਾਰੀ ਉਪਲੱਬਧ ਨਹੀਂ ਹੈ ਤਾਂ ਸਰਕਾਰੀ ਸਕੂਲ ਦੇ ਪ੍ਰਿੰਸੀਪਲ, ਪਿੰਡ ਦੇ ਸਰਪੰਚ, ਪਿੰਡ ਦੇ ਨੰਬਰਦਾਰ ਅਤੇ ਹੈਡ ਮਾਸਟਰਾਂ ਨੂੰ ਅਧਿਕਾਰ ਸੌਂਪੇ ਗਏ ਨੇ। ਇਸ ਤੋਂ ਇਲਾਵਾ ਲੈਂਡ ਰਿਕਾਰਡ ਸਬੰਧੀ ਰਿਪੋਰਟ ਤਹਿਸੀਲ ਵਿੱਚ ਮੌਜੂਦ ਏਐੱਸਐੱਮਐੱਨ ਜਾਰੀ ਕਰੇਗਾ। ਪਟਵਾਰੀਆਂ ਦੇ ਨਾਲ ਸਬੰਧਿਤ ਹੋਰ ਵੀ ਕਈ ਕੰਮਕਾਜ ਤਹਿਸੀਲ ਦਫ਼ਤਰ ਦੇ ਵਿੱਚ ਮੌਜੂਦ ਅਧਿਕਾਰੀਆਂ ਨੂੰ ਸੌਂਪੇ ਗਏ ਹਨ ਤਾਂ ਜੋ ਇਸ ਸਬੰਧੀ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇ। ਨੋਟੀਫਿਕੇਸ਼ਨ ਸਬੰਧੀ ਜਾਣਕਾਰੀ ਦਿੰਦਿਆਂ ਏਡੀਸੀ ਲੁਧਿਆਣਾ ਗੌਤਮ ਜੈਨ ਨੇ ਕਿਹਾ ਕਿ ਡੀਸੀ ਵੱਲੋਂ ਇਹ ਹੁਕਮ ਜਾਰੀ ਕੀਤੇ ਗਏ ਨੇ। ਉਹਨਾਂ ਨੇ ਕਿਹਾ ਕਿ ਲੋਕਾਂ ਦੇ ਕੰਮ ਨਹੀਂ ਰੁਕਣੇ ਚਾਹੀਦੇ, ਇਸ ਕਰਕੇ ਇਹ ਫੈਸਲਾ ਲਿਆ ਗਿਆ ਹੈ।
ਲੋਕਾਂ ਦੀ ਸਹੂਲਤ ਲਈ ਨੋਟੀਫਿਕੇਸ਼ਨ ਜਾਰੀ ਜ਼ਮੀਨ ਦੀ ਕੀਮਤ ਅਤੇ ਜ਼ਮਾਨਤ ਸਬੰਧੀ ਰਿਪੋਰਟ: ਸਥਾਨਕ ਏਡੀਸੀ ਗੋਤਮ ਨੇ ਦੱਸਿਆ ਕਿ ਵੱਖ-ਵੱਖ ਅਦਾਲਤਾਂ ਵੱਲੋਂ ਮੰਗੀ ਜਾਣ ਵਾਲੀ ਜ਼ਮੀਨ ਦੀ ਕੀਮਤ ਅਤੇ ਜ਼ਮਾਨਤ ਸਬੰਧੀ ਰਿਪੋਰਟ ਸਬੰਧਿਤ ਰਜਿਸਟਰਾਰ ਤਸਦੀਕ ਕਰੇਗਾ। ਏਡੀਸੀ ਮੁਤਾਬਿਕ ਸਬੰਧਿਤ ਪਿੰਡਾਂ ਦੀਆਂ ਜਮਾਬੰਦੀਆਂ ਅਤੇ ਹੋਰ ਰਿਕਾਰਡ ਬਾਰੇ ਏਐੱਸਐੱਮਐੱਨ ਹੀ ਸਾਰਾ ਰਿਕਾਰਡ ਦੇਵੇਗਾ। ਇਸ ਤੋਂ ਇਲਾਵਾ ਵੱਖ-ਵੱਖ ਪਿੰਡਾਂ ਦੀਆਂ ਚੱਲ-ਅਚੱਲ ਜਾਇਦਾਦਾਂ ਸਬੰਧੀ ਵੀ ਏਐੱਸਐੱਮਐੱਨ ਹੀ ਰਿਪੋਰਟ ਕਰੇਗਾ ਅਤੇ ਜਾਣਕਾਰੀ ਦੇਵੇਗਾ। ਇਹ ਹੁਕਮ ਹੁਣ ਡੀਸੀ ਵੱਲੋਂ ਜਾਰੀ ਕੀਤੇ ਗਏ ਹਨ।
ਦੱਸ ਦਈਏ ਪੰਜਾਬ ਵਿੱਚ ਪਟਵਾਰੀਆਂ ਵੱਲੋਂ ਕਲਮ ਛੋੜ ਹੜਤਾਲ ਦੇ ਐਲਾਨ ਤੋਂ ਬਾਅਦ ਸਰਕਾਰ ਅਤੇ ਪਟਵਾਰੀਆਂ ਵਿਚਾਲੇ ਖਿੱਚੋਤਾਣ ਬਰਕਰਾਰ ਹੈ। ਸਰਕਾਰ ਨੇ ਪਟਵਾਰੀਆਂ ਨੂੰ ਚਿਤਾਵਨੀ ਦਿੱਤੀ ਕਿ ਹੜਤਾਲ ਉੱਤੇ ਜਾਣ ਵਾਲੇ ਪਟਵਾਰੀਆਂ ਦੀ ਕਲਮ ਸਦਾ ਲਈ ਉਹਨਾਂ ਖੋਹ ਲਈ ਜਾਵੇਗੀ ਅਤੇ ਉਹਨਾਂ ਦੀ ਥਾਂ ਨਵੇਂ ਪਟਵਾਰੀਆਂ ਨੂੰ ਨੌਕਰੀਆਂ ਦਿੱਤੀਆਂ ਜਾਣਗੀਆਂ। ਜਿਸ ਤੋਂ ਬਾਅਦ ਵੀ ਪਟਵਾਰੀਆਂ ਨੇ ਆਪਣਾ ਸੰਘਰਸ਼ ਜਾਰੀ ਰੱਖਿਆ। ਹੜਤਾਲ ਨੂੰ ਵੇਖਦਿਆਂ ਸੂਬੇ ਵਿਚ ਐਸਮਾ ਵੀ ਲਗਾਇਆ ਗਿਆ ਪਰ ਇਸ ਤੋੇਂ ਬਾਅਦ ਵੀ ਪਟਵਾਰੀਆਂ ਦੀ ਹੜਤਾਲ ਕੁਝ ਸ਼ਰਤਾਂ ਸਮੇਤ ਜਾਰੀ ਹੈ। ਉਹਨਾਂ ਨੇ ਸਰਕਾਰ ਵੱਲੋਂ ਦਿੱਤਾ ਗਿਆ ਵਾਧੂ ਕੰਮ ਕਰਨ ਤੋਂ ਇਨਕਾਰ ਕੀਤਾ ਹੈ ਅਤੇ ਸਿਰਫ਼ ਆਪਣੇ ਹਿੱਸੇ ਦਾ ਕੰਮ ਕੀਤਾ ਜਾ ਰਿਹਾ ਹੈ।