ਲੁਧਿਆਣਾ: ਜੀਕੇ ਸਟੇਟ ਦੇ ਵਿੱਚ ਅੱਜ ਪੂਰਾ ਦਿਨ ਹਾਈ ਵੋਲਟੇਜ ਡਰਾਮਾ ਚੱਲਦਾ ਰਿਹਾ। ਪ੍ਰਸ਼ਾਸ਼ਨ ਵੱਲੋਂ ਕਲੋਨੀ ਦਾ ਕੁੱਝ ਹਿੱਸਾ ਗਰਾਮ ਪੰਚਾਇਤ ਦੀ ਜ਼ਮੀਨ ਦਾ ਹੋਣ ਦਾ ਹਵਾਲਾ ਦੇ ਕੇ ਪੀਲਾ ਪੰਜਾ ਚਲਿਆ ਗਿਆ। ਇਸ ਦੌਰਾਨ ਮੌਕੇ ਤੇ ਤਹਿਸੀਲਦਾਰ ਅਤੇ ਹੋਰ ਸੀਨੀਅਰ ਅਫ਼ਸਰ ਵੀ ਪਹੁੰਚੇ। ਜਿਨ੍ਹਾਂ ਦੀ ਦੇਖ-ਰੇਖ ਹੇਠ ਭਾਰੀ ਸੁਰੱਖਿਆ 'ਚ ਇਹ ਕਾਰਵਾਈ ਹੋਈ ਪਰ ਇਸ ਦੌਰਾਨ ਕੋਲੋਨਾਈਜ਼ਰ ਨੇ ਇਲਜ਼ਾਮ ਲਗਾਇਆ ਕਿ ਹਲਕੇ ਦੇ ਵਿਧਾਇਕ ਦੇ ਦਬਾਅ ਕਰਕੇ ਇਹ ਕਾਰਵਾਈ ਕੀਤੀ ਗਈ ਹੈ।
ਕੋਲੋਨਾਈਜ਼ਰ ਅਤੇ ਪ੍ਰਾਪਰਟੀ ਡੀਲਰਾਂ ਨੇ ਮਿਲ ਕੇ ਐਮਐਲਏ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਮਾਮਲੇ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ। ਕੋਲੋਨਾਈਜ਼ਰ ਨੇ ਕਿਹਾ ਕਿ ਇਹ ਕਲੋਨੀ 2004 ਦੀ ਬਣੀ ਹੋਈ ਹੈ ਅਤੇ ਜਦੋਂ ਕਿਸੇ ਕਲੋਨੀ ਦੇ ਰਿਹਾਇਸ਼ੀ ਜਾਂਦੀ ਹੈ ਤਾਂ ਪਲਾਟ ਹੋਲਡਰਾਂ ਤੇ ਇਹ ਫੈਸਲਾ ਛੱਡਿਆ ਜਾਂਦਾ ਹੈ ਕਿ ਉਹ ਕੀ ਚਾਹੁੰਦੇ ਹਨ ਪਰ ਪਲਾਟ ਹੋਲਡਰਾਂ ਨੂੰ ਬਿਨਾਂ ਪੁੱਛੇ ਅਤੇ ਬਿਨਾਂ ਕਿਸੇ ਨੋਟਿਸ ਤੋਂ ਇਸ ਕਾਰਵਾਈ ਨੂੰ ਅਮਲ ਵਿਚ ਲਿਆਂਦਾ ਗਿਆ ਜੋ ਕਿ ਗੈਰ ਕਾਨੂੰਨੀ ਹੈ।