ਲੁਧਿਆਣਾ:ਆਰ ਕੇ ਰੋਡ ਚ ਸਥਿਤ ਆਰ ਪੀ ਵੂਲਨ ਮਿੱਲ ਦੀ ਤਿੰਨ ਮੰਜ਼ਿਲਾ ਇਮਾਰਤ ਦਾ ਇੱਕ ਹਿੱਸਾ ਅੱਜ ਸਵੇਰੇ ਨੌਂ ਵਜੇ ਦੇ ਦੌਰਾਨ ਢਹਿ ਢੇਰੀ ਹੋ ਗਈ। ਜਿਸ ਤੋਂ ਬਾਅਦ ਇਲਾਕੇ ਵਿਚ ਹੜਕੰਪ ਮਚ ਗਿਆ ਇਸ ਤੋਂ ਬਾਅਦ ਤੁਰੰਤ ਮੌਕੇ ਤੇ ਰਾਹਤ ਕਾਰਜ ਦੀਆਂ ਟੀਮਾਂ ਪਹੁੰਚੀਆਂ ਹਾਲਾਂਕਿ ਲੋਕਾਂ ਨੂੰ ਤਾਂ ਤੁਰੰਤ ਬਾਹਰ ਕੱਢ ਲਿਆ ਗਿਆ, ਪਰ ਇਸ ਦੌਰਾਨ 9 ਲੋਕ ਜ਼ਖ਼ਮੀ ਹੋਏ ਜਿਨ੍ਹਾਂ ਵਿਚੋਂ ਤਿੰਨ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਇਸ ਇਮਾਰਤ ਵਿੱਚ ਬੀਤੇ ਸਾਲ ਅੱਗ ਲੱਗੀ ਸੀ ਜਿਸ ਤੋਂ ਬਾਅਦ ਇਸ ਇਮਾਰਤ ਨੂੰ ਅਣਸੁਰੱਖਿਅਤ ਐਲਾਨਿਆ ਗਿਆ ਸੀ ਅਤੇ ਕਾਰਪੋਰੇਸ਼ਨ ਵੱਲੋਂ ਇਮਾਰਤ ਸੀਲ ਕੀਤੀ ਗਈ ਸੀ ਪਰ ਇਸਦੇ ਬਾਵਜੂਦ ਇਮਾਰਤ ਦੇ ਅੰਦਰ ਲੋਕ ਕਿਵੇਂ ਆਏ ਅਤੇ ਕਿੱਥੋਂ ਆਏ ਇਹ ਇੱਕ ਵੱਡਾ ਸਵਾਲ ਹੈ ਜਿਸ ਨੂੰ ਲੈ ਕੇ ਕਾਰਪੋਰੇਸ਼ਨ ਚੁੱਪ ਹੈ ਤੇ ਪੁਲਿਸ ਨੇ ਕਿਹਾ ਕਿ ਜਿਸ ਦੀ ਗਲਤੀ ਹੋਵੇਗੀ ਉਸ ਖ਼ਿਲਾਫ਼ ਕਾਰਵਾਈ ਹੋਵੇਗੀ।
ਇਹ ਵੀ ਪੜੋ: ਸਕੂਲਾਂ ’ਚ ਕੋਰੋਨਾ ਦੀ ਐਂਟਰੀ ਤੋਂ ਬਾਅਦ ਸਿਹਤ ਵਿਭਾਗ ਕਰ ਰਿਹੈ ਇਹ ਕੰਮ
ਇਲਾਕਾ ਵਾਸੀਆਂ ਨੇ ਦੱਸਿਆ ਕਿ ਅੱਜ ਸਵੇਰੇ ਇਹ ਹਾਦਸਾ ਹੋਇਆ ਜਦੋਂ ਇਮਾਰਤ ਦਾ ਇੱਕ ਹਿੱਸਾ ਟੁੱਟ ਕੇ ਹੇਠਾਂ ਡਿੱਗ ਗਿਆ ਅਤੇ ਇਸ ਦੌਰਾਨ ਕਈ ਲੋਕ ਇਸ ਦੀ ਚਪੇਟ ਵਿੱਚ ਆ ਗਏ, ਹਾਲਾਂਕਿ ਜਾਨੀ ਨੁਕਸਾਨ ਤੋਂ ਤਾਂ ਜ਼ਰੂਰ ਬਚਾ ਰਿਹਾ, ਪਰ ਤਿੰਨ ਲੋਕ ਗੰਭੀਰ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ। ਉੱਧਰ ਇਮਾਰਤ ਵਿੱਚ ਰਹਿ ਰਹੇ ਇਕ ਪਰਿਵਾਰ ਨੇ ਦੱਸਿਆ ਕਿ ਉਹ ਨੇਪਾਲ ਤੋਂ ਆਏ ਸਨ ਅਤੇ ਉਨ੍ਹਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਸੀ ਕਿ ਇਹ ਇਮਾਰਤ ਸੀਲ ਕੀਤੀ ਗਈ ਹੈ। ਉਧਰ ਮੌਕੇ ਤੇ ਪਹੁੰਚੀ ਪੁਲਿਸ ਨੇ ਕਿਹਾ ਹੈ ਕਿ ਕੋਈ ਵੀ ਜਾਨੀ ਨੁਕਸਾਨ ਨਹੀਂ ਹੈ ਸਭ ਨੂੰ ਸੁਰੱਖਿਅਤ ਬਚਾ ਲਿਆ ਗਿਆ ਤੇ ਇਮਾਰਤ ਕਾਰਪੋਰੇਸ਼ਨ ਵੱਲੋਂ ਸੀਲ ਕੀਤੀ ਗਈ ਸੀ ਜੇਕਰ ਕਿਸੇ ਦੀ ਗਲਤੀ ਹੋਵੇਗੀ ਤਾਂ ਉਸ ਖ਼ਿਲਾਫ਼ ਕਾਰਵਾਈ ਹੋਵੇਗੀ।