ਲੁਧਿਆਣਾ: ਪੰਜਾਬੀ ਲੋਕ ਗਾਇਕ ਸੁਰਿੰਦਰ ਸ਼ਿੰਦਾ ਦੀ ਅੱਜ ਅੰਤਿਮ ਅਰਦਾਸ ਲੁਧਿਆਣਾ ਦੇ ਸਰਾਭਾ ਨਗਰ ਗੁਰਦੁਆਰਾ ਸਿੰਘ ਸਾਹਿਬ ਵਿਖੇ ਕੀਤੀ ਗਈ। ਇਸ ਮੌਕੇ ਰਾਜਨੀਤਕ ਹਸਤੀਆਂ ਦੇ ਨਾਲ ਫਿਲਮ ਜਗਤ ਅਤੇ ਪੰਜਾਬੀ ਸੰਗੀਤ ਜਗਤ ਦੀਆਂ ਹਸਤੀਆਂ ਵੱਡੇ ਪੱਧਰ ਉੱਤੇ ਪੁੱਜੀਆਂ। ਪਦਮ ਸ਼੍ਰੀ ਹੰਸ ਰਾਜ ਹੰਸ ਦੇ ਨਾਲ, ਫਰੀਦਕੋਟ ਤੋਂ ਐੱਮਪੀ ਮੁਹੰਮਦ ਸਦੀਕ, ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ, ਕੈਬਿਨਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ, ਗੋਲਡਨ ਸਟਾਰ ਮਲਕੀਤ ਸਿੰਘ ਅਤੇ ਹੋਰ ਵੀ ਕਈ ਸ਼ਖਸੀਅਤਾਂ ਪਹੁੰਚੀਆਂ।
ਸੁਰਿੰਦਰ ਸ਼ਿੰਦਾ ਦੀ ਅੰਤਿਮ ਅਰਦਾਸ ਮੌਕੇ ਪੁੱਜੀਆਂ ਸ਼ਖ਼ਸੀਅਤਾਂ, ਸ਼ਿੰਦਾ ਨਾਲ ਜੁੜੀਆਂ ਯਾਦਾਂ ਨੂੰ ਕੀਤਾ ਸਾਂਝਾ - ਲੁਧਿਆਣਾ ਦੀਆਂ ਖ਼ਬਰਾਂ ਪੰਜਾਬੀ ਵਿੱਚ
ਲੁਧਿਆਣਾ ਵਿੱਚ ਸ਼੍ਰੋਮਣੀ ਗਾਇਕ ਸੁਰਿੰਦਰ ਸ਼ਿੰਦਾ ਦੀ ਅੰਤਿਮ ਅਰਦਾਸ ਮੌਕੇ ਸੰਗੀਤ ਅਤੇ ਫਿਲਮ ਜਗਤ ਨਾਲ ਜੁੜੀਆਂ ਨਾਮਵਰ ਹਸਤੀਆਂ ਪਹੁੰਚੀਆਂ ਨੇ। ਇਸ ਤੋਂ ਇਲਾਵਾ ਅੰਤਿਮ ਅਰਦਾਸ ਵਿੱਚ ਸਿਆਸਤਦਾਨ ਵੀ ਸ਼ਾਮਿਲ ਹੋਏ ਅਤੇ ਸਭ ਨੇ ਸੁਰਿੰਦਰ ਸ਼ਿੰਦਾ ਨਾਲ ਜੁੜੀਆਂ ਯਾਦਾਂ ਨੂੰ ਵੀ ਸਾਂਝਾ ਕੀਤਾ।
![ਸੁਰਿੰਦਰ ਸ਼ਿੰਦਾ ਦੀ ਅੰਤਿਮ ਅਰਦਾਸ ਮੌਕੇ ਪੁੱਜੀਆਂ ਸ਼ਖ਼ਸੀਅਤਾਂ, ਸ਼ਿੰਦਾ ਨਾਲ ਜੁੜੀਆਂ ਯਾਦਾਂ ਨੂੰ ਕੀਤਾ ਸਾਂਝਾ Dignitaries arrived on the occasion of the funeral prayers of late Surinder Shinda in Ludhiana](https://etvbharatimages.akamaized.net/etvbharat/prod-images/04-08-2023/1200-675-19180595-198-19180595-1691154384884.jpg)
ਪੰਜ ਲੱਖ ਦੀ ਮਦਦ: ਇਸ ਮੌਕੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਉਹ ਆਪਣੇ ਫੰਡ ਤੋਂ ਪਰਿਵਾਰ ਦੀ ਮਦਦ ਲਈ ਪੰਜ ਲੱਖ ਰੁਪਏ ਦਾ ਐਲਾਨ ਕਰਦੇ ਹਨ। ਬਾਕੀ ਪਰਿਵਾਰ ਦੀ ਮਰਜ਼ੀ ਹੈ। ਇਸ ਮੌਕੇ ਹੰਸ ਰਾਜ ਹੰਸ ਨੇ ਵੀ ਸੁਰਿੰਦਰ ਸ਼ਿੰਦਾ ਨੂੰ ਯਾਦ ਕੀਤਾ। ਉਹਨਾਂ ਕਿਹਾ ਕਿ ਉਹ ਬੱਬਰ ਸ਼ੇਰ ਵਰਗੀ ਆਵਾਜ਼ ਦੇ ਮਾਲਕ ਸਨ ਉਹ ਗਾਇਕ ਵੀ ਬੱਬਰ ਸ਼ੇਰ ਵਰਗੇ ਹੀ ਸਨ। ਮੁਹੰਮਦ ਸਦੀਕ ਨੇ ਵੀ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਅਤੇ ਉਨ੍ਹਾਂ ਨੂੰ ਰੱਬ ਦਾ ਭਾਣਾ ਮੰਨਣ ਲਈ ਤਕੜੇ ਹੋਣ ਲਈ ਕਿਹਾ। ਸਾਰੇ ਹੀ ਫਿਲਮ ਜਗਤ ਦੀਆਂ ਹਸਤੀਆਂ ਜਿੱਥੇ ਸੁਰਿੰਦਰ ਸ਼ਿੰਦਾ ਨੂੰ ਯਾਦ ਕੀਤਾ ਉੱਥੇ ਹੀ ਗੋਲਡਨ ਸਟਾਰ ਮਲਕੀਤ ਸਿੰਘ ਨੇ ਕਿਹਾ ਕਿ ਉਹਨਾਂ ਦੀਆਂ ਯਾਦਾਂ ਨੂੰ ਉਹ ਕਦੇ ਭੁੱਲ ਨਹੀਂ ਸਕਦੇ।
ਜਸਵਿੰਦਰ ਭੱਲਾ ਨੇ ਯਾਦਾਂ ਕੀਤੀਆਂ ਸਾਂਝੀਆਂ:ਇਸ ਮੌਕੇ ਹਾਸਰਸ ਕਲਾਕਾਰ ਜਸਵਿੰਦਰ ਭੱਲਾ ਨੇ ਕਿਹਾ ਕਿ ਉਹ ਬਹੁਤ ਹੀ ਹਾਜਿਰ ਜਵਾਬ ਸਨ। ਹਰ ਗੱਲ ਦਾ ਉਨ੍ਹਾ ਕੋਲ ਢੁੱਕਵਾਂ ਜਵਾਬ ਸੀ। ਭੱਲਾ ਨੇ ਕਿਹਾ ਕਿ ਉਨ੍ਹਾਂ ਵਰਗਾ ਕਲਾਕਾਰ ਕਦੀ ਹੀ ਦੁਨੀਆਂ ਵਿੱਚ ਆਉਂਦਾ ਹੈ। ਜਸਵਿੰਦਰ ਭੱਲਾ ਨੇ ਯਾਦ ਸਾਂਝੀ ਕਰਦਿਆਂ ਕਿਹਾ ਕਿ ਇੱਕ ਵਾਰ ਜਦੋਂ ਉਹ ਬਹੁਤ ਘੱਟ ਉਮਰ ਦੇ ਸਨ ਤਾਂ ਸਟੇਜ 'ਤੇ ਉਹਨਾਂ ਨੇ ਕੋਈ ਕਾਮੇਡੀ ਗਾਣਾ ਗਾਇਆ ਸੀ। 8 ਮਿੰਟ ਦਾ ਗਾਣਾ ਸੀ ਪਰ ਉਨ੍ਹਾਂ ਕੋਲ ਕੋਈ ਵੀ ਸਾਜ਼ੀ ਨਹੀਂ ਸੀ। ਜਦੋਂ ਸੁਰਿੰਦਰ ਸ਼ਿੰਦਾ ਨੇ ਉਹਨਾਂ ਵੱਲ ਵੇਖਿਆ ਤਾਂ ਕਿਹਾ ਕਿ ਉਹ ਉਹਨਾਂ ਲਈ ਹਾਰਮੋਨੀਅਮ ਵਜਾਉਣਗੇ। ਉਨ੍ਹਾਂ ਕਿਹਾ ਕਿ ਪੂਰੇ ਅੱਠ ਮਿੰਟ ਤੱਕ ਉਹ ਹਾਰਮੋਨੀਅਮ ਵਜਾਉਂਦੇ ਰਹੇ। ਉਹਨਾਂ ਕਿਹਾ ਕਿ ਉਹ ਇਸ ਤਰ੍ਹਾਂ ਦੇ ਗਾਇਕ ਸੰਨ ਜੋ ਛੋਟਿਆਂ ਦਾ ਸਨਮਾਨ ਦਿੰਦੇ ਸਨ।